ਹੋਟਲ ਦੇ ਕਮਰੇ ’ਚ ਪ੍ਰੇਮੀ ਦੀ ਸ਼ੱਕੀ ਹਾਲਤ ’ਚ ਮੌਤ, ਪ੍ਰੇਮਿਕਾ ਗ੍ਰਿਫ਼ਤਾਰ

ਅੰਮ੍ਰਿਤਸਰ – ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਭੇਤਭਰੇ ਹਾਲਾਤ ਵਿਚ ਹੋਟਲ ਦੇ ਇਕ ਕਮਰੇ ਵਿਚ ਪ੍ਰੇਮੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰੇਮੀ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਪ੍ਰੇਮਿਕਾ ਉਸ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਹੋਟਲ ਦੇ ਕਮਰੇ ਵਿਚ ਆਰਾਮ ਕਰ ਰਹੇ ਸਨ। ਦੁਰਗਿਆਣਾ ਪੁਲਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਫ਼ਰਾਰ ਹੋਈ ਪ੍ਰੇਮਿਕਾ ਨੂੰ ਇਕ ਘੰਟੇ ਬਾਅਦ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਪੁਲਸ ਨੇ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਹੈ। 

ਇਸ ਮਾਮਲੇ ਦੇ ਸਬੰਧ ’ਚ ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਭੇਤ ਤੋਂ ਪਰਦਾ ਉੱਠ ਸਕਦਾ ਹੈ। ਇਸ ਮਾਮਲੇ ਵਿਚ ਪ੍ਰੇਮਿਕਾ ਦੇ ਨਾਲ-ਨਾਲ ਹੋਟਲ ਦੇ ਸੰਚਾਲਕ ਦਾ ਨਾਂ ਵੀ ਸਾਹਮਣੇ ਆਇਆ ਹੈ, ਜਦੋਂਕਿ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਭੈਣ ਕਿਰਨਜੋਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਨਰਿੰਦਰ ਸਿੰਘ ਉਰਫ ਨਰਿੰਦਰ ਆਟੋ ਚਾਲਕ ਹੈ। ਉਹ ਸੈਲਾਨੀਆਂ ਨੂੰ ਹੋਟਲਾਂ ਵਿਚ ਲਿਆਉਂਦਾ ਹੈ ਅਤੇ ਉਹ ਜ਼ਿਆਦਾਤਰ ਹੋਟਲਾਂ ਦੇ ਸੰਪਰਕ ਵਿਚ ਰਹਿੰਦਾ ਹੈ। 

ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹ ਉਸ ਨੂੰ ਮਿਲਣ ਲਈ ਸਥਾਨਕ ਗੋਲਬਾਗ ਨੇੜੇ ਸਥਿਤ ਹੋਟਲ ਵਿਖੇ ਪਹੁੰਚੀ। ਉਥੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਰਜਨੀ ਨਾਂ ਦੀ ਜਨਾਨੀ ਨਾਲ ਕਮਰਾ ਨੰਬਰ 205 ਵਿਚ ਰੁਕਿਆ ਹੋਇਆ ਹੈ। ਜਦੋਂ ਉਹ ਹੋਟਲ ਦੇ ਕਮਰੇ ਵਿਚ ਗਈ ਤਾਂ ਉਸ ਦੇ ਭਰਾ ਦੀ ਸਿਹਤ ਖ਼ਰਾਬ ਸੀ। ਉਸ ਨਾਲ ਆਈ ਜਨਾਨੀ ਵੀ ਨਸ਼ੇ ਵਿਚ ਸੀ। ਆਪਣੀ ਤਬੀਅਤ ਵਿਗੜਦੀ ਦੇਖ ਰਜਨੀ ਹੋਟਲ ਦੇ ਕਮਰੇ ਤੋਂ ਭੱਜ ਗਈ। ਇਸ ਦੌਰਾਨ ਨਰਿੰਦਰ ਸਿੰਘ ਦੀ ਮੌਤ ਹੋ ਗਈ ਸੀ। ਪੁਲਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੀ ਭੈਣ ਨੇ ਦੋਸ਼ ਲਾਇਆ ਕਿ ਰਜਨੀ ਨੇ ਉਸ ਦੇ ਭਰਾ ਨੂੰ ਨਸ਼ੇ ਦੀ ਡੋਜ਼ ਦਿੱਤੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਥਾਣਾ ਡੀ-ਡਵੀਜ਼ਨ ਅਧੀਨ ਪੈਂਦੀ ਦੁਰਗਿਆਣਾ ਪੁਲਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਕਿਰਨਜੋਤ ਦੇ ਬਿਆਨਾਂ ਦੇ ਆਧਾਰ ’ਤੇ ਰਜਨੀ ਵਾਸੀ ਘਾਹ ਮੰਡੀ ਰਾਮਬਾਗ, ਹਾਲ ਵਾਸੀ ਪਿੰਡ ਨੰਗਲੀ ਅਤੇ ਹੋਟਲ ਆਰ. ਕਾਂਟੀਨੈਂਟਲ ਦੇ ਸੰਚਾਲਕ ਖ਼ਿਲਾਫ਼ 304 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮ ਜਨਾਨੀ ਰਜਨੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਨਾਮਜ਼ਦ ਜਨਾਨੀ ਕੋਲੋਂ ਹੋਰ ਵੀ ਖੁਲਾਸੇ ਹੋਣਗੇ। ਦੂਜੇ ਪਾਸੇ ਹੋਟਲ ਮਾਲਕ ਦੀ ਗ੍ਰਿਫ਼ਤਾਰ ਨਹੀਂ ਹੋ ਸਕੀ।

Add a Comment

Your email address will not be published. Required fields are marked *