ਸ਼ਿਮਲਾ-ਚੰਡੀਗੜ੍ਹ ਮਾਰਗ ਦਾ ਹਿੱਸਾ ਧੱਸਣ ਦੀ ਜਾਂਚ ਦੇ ਹੁਕਮ

ਸ਼ਿਮਲਾ, 13 ਅਗਸਤ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਲਨ ਜ਼ਿਲ੍ਹੇ ਵਿਚ ਸ਼ਿਮਲਾ-ਚੰਡੀਗੜ੍ਹ ਮਾਰਗ ਦਾ ਇਕ ਹਿੱਸਾ ਧਸਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਮੌਜ਼ਾ ਸ਼ਮਲੇਚ ਨੇੜੇ ਸੜਕ ਦਾ ਵੱਡਾ ਹਿੱਸਾ ਧਸ ਗਿਆ ਸੀ। ਘਟਨਾ ਵਿਚ ਦੋ ਕਾਰਾਂ ਨੂੰ ਨੁਕਸਾਨ ਪੁੱਜਾ ਸੀ। ਮੁੱਖ ਮੰਤਰੀ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਭਾਵੇਂ ਇਹ ਸੜਕ ਰਾਜ ਸਰਕਾਰ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ ਪਰ ਉਨ੍ਹਾਂ ਕੌਮੀ ਮਾਰਗ ਅਥਾਰਿਟੀ ਤੇ ਸੂਬਾਈ ਪੀਡਬਲਿਊਡੀ ਨੂੰ ਜਾਂਚ ਕਰਨ ਤੋਂ ਬਾਅਦ ਰਿਪੋਰਟ ਸੌਂਪਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਸ਼ਮਲੇਚ ਪਿੰਡ ਨੇੜੇ ਸੜਕ ਦਾ ਕਰੀਬ 50 ਮੀਟਰ ਹਿੱਸਾ ਧੱਸ ਗਿਆ ਸੀ। ਸੋਲਨ ਵਾਲੇ ਪਾਸਿਓਂ ਇਸ ਖੇਤਰ ਵਿਚ ਸਥਿਤ ਫਲਾਈਓਵਰ ਦਾ ਸੰਪਰਕ ਪਹੁੰਚ ਮਾਰਗ ਨਾਲੋਂ ਟੁੱਟ ਗਿਆ ਸੀ। ਇਸ ਕਾਰਨ ਆਵਾਜਾਈ ਨੂੰ ਦੂਜੇ ਪਾਸਿਓਂ ਲੰਘਾਉਣਾ ਪਿਆ ਸੀ। ਚੰਡੀਗੜ੍ਹ ਤੋਂ ਆ ਰਹੇ ਵਾਹਨਾਂ ਨੂੰ  ਬੜੋਗ ਰਾਹੀਂ ਭੇਜਿਆ ਗਿਆ। ਜਦਕਿ ਸ਼ਿਮਲਾ ਤੋਂ ਆ ਰਹੇ ਵਾਹਨਾਂ ਨੂੰ ਹੋਰ ਪਾਸਿਓਂ ਭੇਜਿਆ ਗਿਆ। ਜਾਣਕਾਰੀ ਮੁਤਾਬਕ ਇਹ ਥਾਂ ਕੁਝ ਦਿਨ ਪਹਿਲਾਂ ਹੀ ਖ਼ਿਸਕਣੀ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਫਲਾਈਓਵਰ ਨੂੰ ਐਤਵਾਰ ਬੰਦ ਕੀਤਾ ਗਿਆ ਸੀ ਤੇ ਮੁਰੰਮਤ ਤੋਂ ਬਾਅਦ ਸੋਮਵਾਰ ਖੋਲ੍ਹਿਆ ਗਿਆ ਸੀ। ਹੁਣ ਸੜਕ ਨੂੰ ਢੁੱਕਵੀਂ ਮੁਰੰਮਤ ਲਈ 25 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਨੂੰ ਹੋਰ ਪਾਸੇ ਮੋੜਿਆ ਗਿਆ ਹੈ।  

Add a Comment

Your email address will not be published. Required fields are marked *