ਕੈਪਟਨ ਤੇ ਜਾਖੜ ਨਾਲ ਮਿਲ ਅਸ਼ਵਨੀ ਸ਼ਰਮਾ ਨੇ ‘ਆਪ’ ਦਾ ਕੀਤਾ ਮੁਕਾਬਲਾ

ਪਠਾਨਕੋਟ – ਰਾਜਨੀਤੀ ’ਚ ਤਜ਼ਰਬਾ ਇਕ ਅਜਿਹਾ ਸ਼ਸਤਰ ਹੁੰਦਾ ਹੈ, ਜਿਸਦਾ ਜੇਕਰ ਸਹੀ ਢੰਗ ਨਾਲ ਰਾਜਨੀਤਿਕ ਦਲ ਯੋਜਨਾ ਬਣਾਉਣ ’ਚ ਇਸਤੇਮਾਲ ਕਰੇ ਤਾਂ ਵੱਡੇ ਤੋਂ ਵੱਡੇ ਰਾਜਨੀਤਿਕ ਦੁਸ਼ਮਣ ਦੀਆਂ ਡੂੰਘੀਆਂ ਚਾਲਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਅਜਿਹਾ ਹੀ ਕੁਝ ਵਿਧਾਨ ਸਭਾ ’ਚ ਚੱਲ ਰਹੇ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਸਰਵ ਸ਼ਕਤੀਮਾਨ 92 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ 2 ਵਿਧਾਇਕਾਂ ਵਾਲੀ ਪਾਰਟੀ ’ਚ ਚੱਲ ਰਹੀ ਰਾਜਨੀਤਿਕ ਜੰਗ ਵਿਚ ਦੇਖਣ ਨੂੰ ਮਿਲਿਆ।

ਵਿਧਾਨ ਸਭਾ ਚੋਣਾਂ ’ਚ ਚਾਹੇ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਸਾਰੇ ਦਲਾਂ ਦਾ ਸੁਪੜਾ ਸਾਫ਼ ਕਰਦੇ ਹੋਏ 92 ਵਿਧਾਇਕਾਂ ਦੇ ਨਾਲ ਵਿਧਾਨ ਸਭਾ ’ਚ ਪ੍ਰਭਾਵਸ਼ਾਲੀ ਤਰੀਕੇ ਨਾਲ ਐਂਟਰੀ ਕੀਤੀ ਪਰ ਤਜ਼ਰਬੇ ਦੇ ਨਾਂ ’ਤੇ ਉਨ੍ਹਾਂ ਕੋਲ 8-10 ਵਿਧਾਇਕ ਹਨ, ਜਿਨ੍ਹਾਂ ਨੂੰ ਵਿਧਾਨ ਸਭਾ ਦਾ 5 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ ਹੈ। ਭਾਜਪਾ ਦਾ ਅਕਾਲੀਆਂ ਨਾਲ ਕਿਸਾਨ ਅੰਦੋਲਨ ਦੌਰਾਨ ਵੱਖ ਹੋਣਾ ਦੋਵਾਂ ਲਈ ਇਕ ਵੱਡਾ ਰਾਜਨੀਤਿਕ ਝਟਕਾ ਸਾਬਿਤ ਹੋਇਆ। ਨਤੀਜੇ ਵਜੋਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਨਾਲ-ਨਾਲ ਇਨ੍ਹਾਂ ਦੋਵਾਂ ਦਲਾਂ ਦਾ ਵੀ ਸੁਪੜਾ ਸਾਫ਼ ਹੋ ਗਿਆ। ਦਿੱਗਜ਼ ਤੋਂ ਦਿੱਗਜ਼ ਆਗੂ ਰਾਜਨੀਤਿਕ ਤੌਰ ’ਤੇ ਲੋਕਾਂ ਵੱਲੋਂ ਰਿਜੈਕਟ ਕਰ ਦਿੱਤੇ ਗਏ।  

ਦੂਜੇ ਪਾਸੇ ਕੇਂਦਰ ’ਚ ਮੋਦੀ ਸਰਕਾਰ ਹੋਣ ਕਾਰਨ ਪੰਜਾਬ ਦੀ ਵਾਗਡੋਰ ਅਮਿਤ ਸ਼ਾਹ ਵੱਲੋਂ ਆਪਣੇ ਹੱਥ ’ਚ ਲੈਣ ਅਤੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦਾ ਪੰਜਾਬ ਦਾ ਪੁਰਾਣਾ ਤਜ਼ਰਬਾ ਹੋਣ ਦੇ ਚੱਲਦਿਆਂ ਭਾਜਪਾ, ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੂੰ ਚੋਣਾਂ ਤੋਂ ਪਹਿਲਾਂ ਅਤੇ ਬਾਅਦ ’ਚ ਪਾਰਟੀ ’ਚ ਸ਼ਾਮਲ ਕਰਨ ’ਚ ਸਫਲ ਹੋਈ। ਦੇਸ਼ ’ਚ ਹਲਾਤ ਅਜਿਹੇ ਬਣੇ ਕਿ ਹੁਣ ਆਮ ਆਦਮੀ ਪਾਰਟੀ ਦਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਸਿੱਧਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਨਾਲ ਹੈ। ਆਮ ਆਦਮੀ ਪਾਰਟੀ ਉਥੇ ਕਾਂਗਰਸ ਨੂੰ ਰਿਪਲੇਸ ਕਰਨਾ ਚਾਹੁੰਦੀ ਹੈ ਤਾਂ ਕਿ ਸਾਲ 2024 ਲੋਕ ਸਭਾ ’ਚ ਦੇਸ਼ ਦਾ ਧਿਆਨ ਆਕਰਸ਼ਿਤ ਕਰ ਸਕੇ ਪਰ ਭਾਜਪਾ ਦਾ ਮੁੱਖ ਵਿਰੋਧੀ ਬਣਨ ਲਈ ਉਸ ਨੂੰ ਕਈ ਰਾਜਨੀਤਿਕ ਤਿਕੜਮਬਾਜ਼ੀ ਕਰਨੀ ਪੈ ਰਹੀ ਹੈ।

ਦਿੱਲੀ ਅਤੇ ਪੰਜਾਬ ’ਚ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਪੰਜਾਬ ’ਚ ਆਪ੍ਰੇਸ਼ਨ ਲੋਟਸ ਦੇ ਚੱਲਦਿਆਂ ਮਾਨ ਸਰਕਾਰ ਵਿਸ਼ਵਾਸ ਮਤ ਲੈ ਕੇ ਆਈ ਹੈ ਅਤੇ 4 ਦਿਨ ਦਾ ਸੈਸ਼ਨ ਹੋਇਆ ਹੈ। ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਸੀ ਕਿ ਦੋ ਵਿਧਾਇਕਾਂ ਵਾਲੀ ਭਾਜਪਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਯੋਜਨਾਵਾਂ ਦਾ ਮੁਕਾਬਲਾ ਕਰ ਸਕਦੀ ਪਰ ਕਿਉਂਕਿ ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਰਲੇਵਾਂ ਭਾਜਪਾ ’ਚ ਕਰ ਦਿੱਤਾ, ਜਿਸਦੀ ਪੰਜਾਬ ਵਿੱਚ ਖੂਬ ਚਰਚਾ ਹੋਈ।

ਸੀਨੀਅਰ ਤਜ਼ਰਬੇਕਾਰ ਆਗੂ ਸੁਨੀਲ ਜਾਖੜ ਅਚਾਨਕ ਭਾਜਪਾ ਵਿੱਚ ਸਰਗਰਮ ਹੋਣ ਲੱਗੇ ਅਤੇ ਉਨ੍ਹਾਂ ਦਾ ਪੰਜਾਬ ਦੀ ਭਾਜਪਾ ਟੀਮ ਦੇ ਨਾਲ ਤਾਲਮੇਲ ਹੋ ਗਿਆ। ਨਤੀਜੇ ਵੱਜੋਂ ਭਾਜਪਾ ਨੇ ਸੈਸ਼ਨ ਦੇ ਪਹਿਲੇ ਦਿਨ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕੈਪਟਨ ਅਮਰਿੰਦਰ ਸਿੰਘ ਭਾਜਪਾ ਦਫ਼ਤਰ ਆਏ ਅਤੇ ਵੱਡੇ ਕੱਦ ਦੇ ਆਗੂ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਖੂਬ ਕਵਰੇਜ ਮਿਲੀ। ਉਨ੍ਹਾਂ ਦੇ ਰਾਜਨੀਤਿਕ ਹਮਲੇ ਵੀ ਕਾਫੀ ਜ਼ੋਰਦਾਰ ਹੁੰਦੇ ਹਨ।

Add a Comment

Your email address will not be published. Required fields are marked *