ਮੀਟਿੰਗ ਦੌਰਾਨ CM ਮਾਨ ਦਾ ਕਿਸਾਨਾਂ ਦੇ ਹੱਕ ‘ਚ ਡਟਵਾਂ ਸਟੈਂਡ

ਚੰਡੀਗੜ੍ਹ: ਵੀਰਵਾਰ ਨੂੰ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਅੱਧੀ ਰਾਤ ਤਕ ਜਾਰੀ ਰਹੀ। ਵੀਰਵਾਰ ਸ਼ਾਮ 7.30 ਵਜੇ ਦੇ ਕਰੀਬ ਸ਼ੁਰੂ ਹੋਈ ਮੀਟਿੰਗ ਦੇਰ ਰਾਤ ਤਕਰੀਬਨ 1.30 ਵਜੇ ਖ਼ਤਮ ਹੋਈ। ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹੇ। ਕੇਂਦਰ ਅਤੇ ਕਿਸਾਨਾਂ ਵਿਚਾਲੇ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ। 

ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਰੀਆਂ ਮੰਗਾਂ ਨੂੰ ਲੈ ਕੇ ਬਹੁਤ ਪਾਜ਼ੇਟਿਵ ਢੰਗ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਮੇਰਾ ਫ਼ਰਜ਼ ਬਣਦਾ ਸੀ ਕਿ ਮੈਂ ਆਪਣੇ ਲੋਕਾਂ ਦੇ ਵਕੀਲ ਦੇ ਤੌਰ ‘ਤੇ ਇੱਥੇ ਆਵਾਂ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਹਰਿਆਣਾ ਸਰਕਾਰ ਵੱਲੋਂ ਡਰੋਨ ਰਾਹੀਂ ਕੀਤੀ ਜਾ ਰਹੀ ਸ਼ੈਲਿੰਗ ਦਾ ਮੁੱਦਾ ਚੁੱਕਿਆ। ਉਨ੍ਹਾਂ ਿਕਹਾ ਕਿ ਹਰਿਆਣਾ ਸਰਕਾਰ ਸਾਡੇ ਇਲਾਕੇ ਵਿਚ ਡਰੋਨ ਭੇਜ ਕੇ ਕਿਸਾਨਾਂ ‘ਤੇ ਸ਼ੈਲਿੰਗ ਕਰਵਾ ਰਹੀ ਹੈ। ਕਿਸਾਨ ਆਗੂਆਂ ਨੇ ਮੰਤਰੀਆਂ ਸ਼ੈੱਲ ਵੀ ਦਿਖਾਏ ਹਨ। 

ਮੁੱਖ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਸਾਡੇ ਨਾਲ ਬੇਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਵਿਤਕਰਾ ਨਾ ਕਰੋ। ਉਨ੍ਹਾਂ ਕੇਂਦਰੀ ਮੰਤਰੀਆਂ ਤੋਂ ਭਰੋਸਾ ਲਿਆ ਹੈ ਕਿ ਉਹ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਨੂੰ ਸ਼ਾਂਤੀ ਰੱਖਣ ਲਈ ਕਹਿਣਗੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਕਿਸਾਨ ਸ਼ਾਂਤੀ ਬਣਾ ਕੇ ਰੱਖਣ ਤੇ ਉਨ੍ਹਾਂ ਨੇ ਇਸ ਨੂੰ ਨਿਭਾਇਆ ਵੀ ਹੈ। CM ਮਾਨ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਤੇ ਪੰਜਾਬੀਆਂ ਨੂੰ ਅੱਥਰੂ ਗੈਸ ਦੇ ਗੋਲਿਆਂ ਤੇ ਵਾਟਰ ਕੈਨਨਾਂ ਮੂਹਰੇ ਨਹੀਂ ਡਾਹੁਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਿਸਾਨਾਂ ਤੇ ਕੇਂਦਰ ਵਿਚਾਲੇ ਕਾਫ਼ੀ ਵਿਸ਼ਿਆਂ ‘ਤੇ ਸਹਿਮਤੀ ਬਣ ਗਈ ਹੈ, ਤੇ ਬਾਕੀਆਂ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ। 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਨੂੰ ਇਹ ਗੱਲ ਕਹਿਣ ਵਿਚ ਕੋਈ ਹਰਜ਼ ਨਹੀਂ ਕਿ ਮੈਂ ਪੰਜਾਬ ਤੇ ਪਜਾਬੀਆਂ ਦੇ ਨਾਲ ਹਾਂ। ਪਰ ਅਸੀਂ ਲਾਅ ਐਂਡ ਆਰਡਰ ਤੇ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਦੇਖਣੀਆਂ ਹਨ। ਕੋਈ ਇਸ ਤਰ੍ਹਾਂ ਦਾ ਮਾਹੌਲ ਨਾ ਬਣ ਜਾਵੇ ਕਿ ਸਾਡੇ ਕੋਲ ਤੇਲ, ਦੁੱਧ ਜਾਂ ਹੋਰ ਕਿਸੇ ਚੀਜ਼ ਦੀ ਕਮੀ ਨਾ ਆ ਜਾਵੇ, ਤਾਂ ਜੋ ਆਣ ਲੋਕ ਪ੍ਰਭਾਵਿਤ ਨਾ ਹੋਣ। ਕਿਸਾਨ ਸੰਗਠਨਾਂ ਨੇ ਵੀ ਕਿਹਾ ਹੈ ਕਿ ਇਸ ਗੱਲ ਲਈ ਉਹ ਸਹਿਮਤ ਹਨ। ਕੇਂਦਰ ਅਤੇ ਕਿਸਾਨਾਂ ਦੋਹਾਂ ਨੇ ਭਰੋਸਾ ਦੁਆਇਆ ਹੈ ਕਿ ਸ਼ਾਂਤੀ ਕਾਇਮ ਰੱਖੀ ਜਾਵੇਗੀ।

Add a Comment

Your email address will not be published. Required fields are marked *