ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਧੱਕਾ-ਮੁੱਕੀ

ਸੰਗਰੂਰ, 2 ਅਕਤੂਬਰ

ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਅੱਜ ਧੱਕਾ-ਮੁੱਕੀ ਹੋਈ। ਇਸ ਦੌਰਾਨ ਦੋ ਮਹਿਲਾ ਬੇਰੁਜ਼ਗਾਰ ਅਧਿਆਪਕਾਵਾਂ ਬੇਹੋਸ਼ ਹੋ ਗਈਆਂ ਜਦੋਂ ਕਿ ਇੱਕ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਮਾਹੌਲ ਤਣਾਅਪੂਰਨ ਬਣਨ ਮਗਰੋਂ ਪੁਲੀਸ ਨੇ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ। ਦੱਸਣਾ ਬਣਦਾ ਹੈ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕ ਦੋ ਹਜ਼ਾਰ ਪੀਟੀਆਈ ਅਧਿਆਪਕਾਂ ਦੀ ਭਰਤੀ ਦਾ ਪੋਰਟਲ ਨਾ ਖੋਲ੍ਹਣ ਅਤੇ ਲਗਾਤਾਰ ਕੀਤੀ ਜਾ ਰਹੀ ਟਾਲ ਮਟੋਲ ਤੋਂ ਖਫ਼ਾ ਹਨ।

ਇਸ ਤੋਂ ਪਹਿਲਾਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਸੜਕ ਉਪਰ ਪੁੱਜੇ ਪਰ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਧੱਕਾ-ਮੁੱਕੀ ਹੋਈ ਜਿਸ ਦੌਰਾਨ ਦੋ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਰਿੰਪਲ ਰਾਣੀ ਫਾਜ਼ਿਲਕਾ ਅਤੇ ਮੰਜੂ ਬਾਲਾ ਫਾਜ਼ਿਲਕਾ ਬੇਹੋਸ਼ ਹੋ ਗਈਆਂ ਜਦੋਂ ਕਿ ਅਮਨਦੀਪ ਕੌਰ ਸੰਗਰੂਰ ਦੇ ਮੋਢੇ ’ਤੇ ਸੱਟ ਲੱਗੀ। ਬੇਹੋਸ਼ ਹੋਈ ਰਿੰਪਲ ਰਾਣੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ।

ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਕੰਬੋਜ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਲੰਮੇ ਸੰਘਰਸ਼ ਮਗਰੋਂ 16 ਦਸੰਬਰ 2021 ਨੂੰ ਪ੍ਰਾਇਮਰੀ ਸਕੂਲਾਂ ਵਿਚ ਦੋ ਹਜ਼ਾਰ ਪੀਟੀਆਈ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਇਨ੍ਹਾਂ ਅਸਾਮੀਆਂ ਦਾ ਪੋਰਟਲ ਆਨਲਾਈਨ ਨਹੀਂ ਕੀਤਾ ਗਿਆ। ਆਮ ਆਦਮੀ ਪਰਟੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਪਹਿਲ ਦੇ ਆਧਾਰ ’ਤੇ ਭਰਤੀ ਕੀਤੀ ਜਾਵੇਗੀ ਪਰ ਸਿੱਖਿਆ ਮੰਤਰੀ ਤੇ ਅਧਿਕਾਰੀਆਂ ਵੱਲੋਂ ਲਾਰੇ ਲਾਏ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਸਾਮੀਆਂ ਦਾ ਪੋਰਟਲ ਜਲਦੀ ਆਨਲਾਈਨ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪੁਲੀਸ ਨੇ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀਆਂ ਨੂੰ ਬਾਅਦ ਵਿਚ ਕੁਝ ਦੂਰ ਲਿਜਾ ਕੇ ਛੱਡ ਦਿੱਤਾ। ਉਧਰ ਥਾਣਾ ਸਦਰ ਪੁਲੀਸ ਦੇ ਐਸਐਚਓ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਕਿਸੇ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਸਗੋਂ ਧਾਰਾ 144 ਲੱਗੀ ਹੋਣ ਬਾਰੇ ਜਾਣਕਾਰੀ ਦੇਣ ’ਤੇ ਉਹ ਖੁਦ ਹੀ ਚਲੇ ਗਏ ਸਨ।

Add a Comment

Your email address will not be published. Required fields are marked *