ਪਾਕਿਸਤਾਨ : ਇਮਰਾਨ ਖਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ : ਪਾਕਿਸਤਾਨ ਦੇ ਇਕ ਮੈਜਿਸਟ੍ਰੇਟ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ‘ਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। ਇਸ ਮਗਰੋਂ ਉਦੋਂ ਤੋਂ ਹੀ ਉਨ੍ਹਾਂ ਅਟਕਲਾਂ ਨੂੰ ਹਵਾ ਮਿਲੀ ਕਿ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਦੋਸ਼ ਹੈ ਕਿ 20 ਅਗਸਤ ਨੂੰ ਇਕ ਰੈਲੀ ‘ਚ ਭਾਸ਼ਣ ਦਿੰਦੇ ਹੋਏ ਇਮਰਾਨ ਖਾਨ ਨੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਜੇਬਾ ਚੌਧਰੀ ਖ਼ਿਲਾਫ਼ ਵਿਵਾਦਿਤ ਟਿੱਪਣੀ ਕੀਤੀ ਸੀ।ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਰਾਜਧਾਨੀ ਦੇ ਮਰਗਲਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ। 

ਇਸਲਾਮਾਬਾਦ ਹਾਈ ਕੋਰਟ ਨੇ ਵੀ ਉਸ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਸੀ। ਹੁਣ ਉਸ ਮਾਮਲੇ ‘ਚ ਪੁਲਸ ਦੀ ਬੇਨਤੀ ‘ਤੇ ਸਥਾਨਕ ਮੈਜਿਸਟ੍ਰੇਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਖਾਨ ‘ਤੇ ਪਹਿਲਾਂ ਅੱਤਵਾਦ ਨਾਲ ਸਬੰਧਤ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਰ ਇਸਲਾਮਾਬਾਦ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਇਹ ਦੋਸ਼ ਖਾਰਜ ਕਰ ਦਿੱਤੇ ਗਏ ਸਨ ਅਤੇ ਕੇਸ ਨੂੰ ਅੱਤਵਾਦ ਵਿਰੋਧੀ ਅਦਾਲਤ ਤੋਂ ਸਾਧਾਰਨ ਸੈਸ਼ਨ ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਗ੍ਰਿਫ਼ਤਾਰੀ ਵਾਰੰਟ ਇਮਰਾਨ ਖਾਨ ਵੱਲੋਂ ਹਲਫਨਾਮਾ ਦਾਖਲ ਕਰਨ ਦੇ ਕੁਝ ਘੰਟਿਆਂ ਬਾਅਦ ਆਇਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਸ ਨੇ 20 ਅਗਸਤ ਨੂੰ ਰਾਜਧਾਨੀ ‘ਚ ਇਕ ਜਨਤਕ ਰੈਲੀ ‘ਚ ‘ਰੇਖਾ ਪਾਰ ਕਰ ਦਿੱਤੀ ਹੈ। 

ਹਲਫਨਾਮੇ ‘ਚ ਇਮਰਾਨ ਖਾਨ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਉਹ ਭਵਿੱਖ ‘ਚ ਅਜਿਹਾ ਕੁਝ ਨਹੀਂ ਕਰਨਗੇ, ਜਿਸ ਨਾਲ ਕਿਸੇ ਵੀ ਅਦਾਲਤ ਅਤੇ ਨਿਆਂਪਾਲਿਕਾ, ਖਾਸ ਕਰਕੇ ਹੇਠਲੀ ਨਿਆਂਪਾਲਿਕਾ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੇ। ਇਮਰਾਨ ਇਹ ਵੀ ਕਿਹਾ ਕਿ ਉਸ ਨੇ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਜੋ ਕਿਹਾ ਸੀ, ਉਸ ਦਾ ਉਹ ਪੂਰੀ ਤਰ੍ਹਾਂ ਪਾਲਣ ਕਰਨਗੇ। ਇਮਰਾਨ ਖਾਨ ਨੇ ਕਿਹਾ ਕਿ ਉਹ ਇਸ ਸਬੰਧੀ ਅਦਾਲਤ ਨੂੰ ਸੰਤੁਸ਼ਟ ਕਰਨ ਲਈ ਅਗਲੀ ਕਾਰਵਾਈ ਕਰਨ ਲਈ ਤਿਆਰ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਜੇਕਰ ਜੱਜ ਨੂੰ ਲੱਗਦਾ ਹੈ ਕਿ ਉਸ ਨੇ ‘ਲਾਲ ਲਾਈਨ’ ਪਾਰ ਕਰ ਲਈ ਹੈ ਤਾਂ ਉਹ ‘ਮੁਆਫੀ ਮੰਗਣ ਲਈ ਤਿਆਰ’ ਹਨ।

Add a Comment

Your email address will not be published. Required fields are marked *