ਕੈਨੇਡਾ ‘ਚ ਨਫ਼ਰਤ ਅਪਰਾਧ ਦੀ ਇੱਕ ਹੋਰ ਘਟਨਾ, ਸ਼੍ਰੀ ਭਗਵਦ ਗੀਤਾ ਪਾਰਕ ‘ਚ ਭੰਨਤੋੜ

ਟੋਰਾਂਟੋ – ਭਾਰਤ ਨੇ ਕੈਨੇਡਾ ਦੇ ਬਰੈਂਪਟਨ ਵਿਚ ਹਾਲ ਹੀ ਵਿਚ ਉਦਘਾਟਨ ਕੀਤੇ ਗਏ ‘ਸ਼੍ਰੀ ਭਗਵਦ ਗੀਤਾ’ ਪਾਰਕ ਵਿਚ ਹੋਈ ਭੰਨਤੋੜ ਦੀ ਘਟਨਾ ਦੀ ਐਤਵਾਰ ਨੂੰ ਨਿਖੇਧੀ ਕਰਦਿਆਂ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਨਫ਼ਰਤੀ ਅਪਰਾਧ ਦੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਪਾਰਕ ਨੂੰ ਪਹਿਲਾਂ ਟਰੋਅਰਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਹਾਲ ਹੀ ਵਿਚ ਇਸ ਦਾ ਨਾਮ ਬਦਲ ਕੇ ‘ਸ਼੍ਰੀ ਭਗਵਦ ਗੀਤਾ’ ਪਾਰਕ ਕਰ ਦਿੱਤਾ ਗਿਆ ਅਤੇ 28 ਸਤੰਬਰ ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, ‘ਭਾਰਤ ਬਰੈਂਪਟਨ ਵਿਚ ਸ਼੍ਰੀ ਭਗਵਦ ਗੀਤਾ ਪਾਰਕ ਵਿਚ ਹੋਏ ਨਫ਼ਰਤੀ ਅਪਰਾਧ ਦੀ ਨਿਖੇਧੀ ਕਰਦਾ ਹੈ। ਅਸੀਂ ਕੈਨੇਡਾ ਦੇ ਅਧਿਕਾਰੀਆਂ ਅਤੇ ਪੀਲ ਪੁਲਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਅਪਰਾਧੀਆਂ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।’

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਐਤਵਾਰ ਨੂੰ ਪਾਰਕ ਵਿਚ ਭੰਨਤੋੜ ਦੀ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੈਨੇਡਾ ਇਸ ਤਰ੍ਹਾਂ ਦੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਬ੍ਰਾਊਨ ਨੇ ਐਤਵਾਰ ਨੂੰ ਟਵੀਟ ਕੀਤਾ, ‘ਅਸੀਂ ਜਾਣਦੇ ਹਾਂ ਕਿ ਹਾਲ ਹੀ ਵਿਚ ਉਦਘਾਟਨ ਕੀਤੇ ਗਏ ਸ਼੍ਰੀ ਭਗਵਦ ਗੀਤਾ ਪਾਰਕ ਸਾਈਨ ਬੋਰਡ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਅੱਗੇ ਦੀ ਜਾਂਚ ਲਈ ਪੀਲ ਖੇਤਰੀ ਪੁਲਸ ਨਾਲ ਸੰਪਰਕ ਕੀਤਾ ਹੈ। ਸਾਡਾ ਪਾਰਕ ਵਿਭਾਗ ਜਲਦ ਤੋਂ ਜਲਦ ਸਾਈਨ ਬੋਰਡ ਨੂੰ ਠੀਕ ਕਰਨ ਲਈ ਕੰਮ ਕਰ ਰਿਹਾ ਹੈ।’

Add a Comment

Your email address will not be published. Required fields are marked *