ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਰੋਸ ਮੁਜ਼ਾਹਰੇ

ਚੰਡੀਗੜ੍ਹ, 1 ਅਕਤੂਬਰ-: ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਕੱਚੇ ਮੁਲਾਜ਼ਮਾਂ ਨੇ ਅੱਜ ਪੂਰੇ ਪੰਜਾਬ ਵਿੱਚ ਵਿਭਾਗ ਵਿੱਚ ਆਊਟਸੋਰਸਿੰਗ ਰਾਹੀਂ ਕੀਤੀ ਜਾ ਰਹੀ ਭਰਤੀ ਦਾ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਥਾਂ-ਥਾਂ ਵੱਖਰੇ-ਵੱਖਰੇ ਢੰਗਾਂ ਨਾਲ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਆਵਾਜਾਈ ਵੀ ਰੋਕੀ ਗਈ। ਚੰਡੀਗੜ੍ਹ ਡਿੱਪੂ ਵਿੱਚ ਸਵੇਰ ਤੋਂ ਹੀ ਆਊਟਸੋਰਸਿੰਗ ਰਾਹੀਂ ਭਰਤੀ ਕਰਨ ਵਾਲੇ ਸਥਾਨ ’ਤੇ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਪਨਬੱਸ ਦੇ ਤਿੰਨ ਮੁਲਾਜ਼ਮਾਂ ਨੇ ਬੱਸ ਦੀ ਛੱਤ ਉਪਰ ਚੜ੍ਹ ਕੇ ਆਪਣੇ ਉਪਰ ਤੇਲ ਪਾ ਲਿਆ। ਇਸੇ ਦੌਰਾਨ ਖਰੜ ਸ਼ਹਿਰ ਵਿੱਚ ਮੇਨ ਹਾਈਵੇਅ ਉਪਰ ਮੁਲਾਜ਼ਮਾਂ ਨੇ ਜਾਮ ਲਗਾ ਦਿੱਤਾ, ਜਿਸ ਨਾਲ ਲੰਮੀਆਂ ਕਤਾਰਾਂ ਵਿੱਚ ਜਾਮ ਲੱਗ ਗਿਆ ਅਤੇ ਆਵਾਜਾਈ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਈ। ਦੂਜੇ ਪਾਸੇ ਵਿਭਾਗ ਵੱਲੋਂ ਨਾਜਾਇਜ਼ ਕੰਡੀਸ਼ਨਾਂ ਲਗਾ ਕੇ ਕੱਢੇ ਮੁਲਾਜ਼ਮਾਂ ਵਿੱਚੋਂ ਡਿਊਟੀ ਤੋਂ ਸਸਪੈਂਡ ਮੁਲਾਜ਼ਮ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ। ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਊਟਸੋਰਸਿੰਗ ਰਾਹੀਂ ਕੀਤੀ ਭਰਤੀ ਰੱਦ ਕੀਤੀ ਜਾਵੇ ਅਤੇ ਭਵਿੱਖ ਵਿੱਚ ਇਹ ਭਰਤੀ ਬੰਦ ਕੀਤੀ ਜਾਵੇ। ਜਦੋਂ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਿਆ ਤਾਂ ਦੁਪਹਿਰ 12 ਵਜੇ ਦੇ ਕਰੀਬ ਪਨਬੱਸ ਮੁਲਾਜ਼ਮਾਂ ਵੱਲੋਂ ਜਲੰਧਰ ਦਾ ਚੌਕ ਬੰਦ ਕਰ ਦਿੱਤਾ ਗਿਆ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਪਨਬੱਸ ਵਿੱਚ ਆਊਟਸੋਰਸਿੰਗ ਦੀ ਭਰਤੀ ਰਿਸ਼ਵਤ ਲੈ ਕੇ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *