ਦਿਲਜੀਤ ਦੋਸਾਂਝ ਨੇ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੂੰ ਲੈ ਕੇ ਸਾਂਝੀਆਂ ਕੀਤੀਆਂ ਮਜ਼ੇਦਾਰ ਗੱਲਾਂ

ਚੰਡੀਗੜ੍ਹ – ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਹ ਫ਼ਿਲਮ 5 ਅਕਤੂਬਰ ਯਾਨੀ ਇਸੇ ਬੁੱਧਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਫ਼ਿਲਮ ਬਾਰੇ ਮਜ਼ੇਦਾਰ ਗੱਲਾਂ ਦੱਸ ਰਹੇ ਹਨ।

ਦਿਲਜੀਤ ਦੋਸਾਂਝ ਨੇ ਸਰਗੁਣ ਮਹਿਤਾ ਦੇ ਕਿਰਦਾਰ ਲਈ ਐਨਕ ਵਾਲੀ ਲੁੱਕ ਚੁਣਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਐਨਕਾਂ ਵਾਲੀਆਂ ਕੁੜੀਆਂ ਵਧੀਆ ਲੱਗਦੀਆਂ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ‘ਬਾਬੇ ਭੰਗੜਾ ਪਾਉਂਦੇ ਨੇ’ ਇਕ ਫੈਮਿਲੀ ਫ਼ਿਲਮ ਹੈ, ਜਿਸ ਰਾਹੀਂ ਬਹੁਤ ਹੀ ਪਿਆਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਜਦੋਂ ਦਿਲਜੀਤ ਕੋਲੋਂ ਪੁੱਛਿਆ ਗਿਆ ਕਿ ਐਲਨ ਮਸਕ ਦਾ ਜ਼ਿਕਰ ਫ਼ਿਲਮ ’ਚ ਕਰਨ ਬਾਰੇ ਕਿਵੇਂ ਸੋਚਿਆ ਤਾਂ ਉਨ੍ਹਾਂ ਦੱਸਿਆ ਕਿ ਐਲਨ ਮਸਕ ਦਾ ਇਕ ਦੋਸਤ ਉਨ੍ਹਾਂ ਨੂੰ ਟਵਿਟਰ ’ਤੇ ਫਾਲੋਅ ਕਰਦਾ ਹੈ, ਜਿਸ ਨੂੰ ਫ਼ਿਲਮ ’ਚ ਵੀ ਲਿਆ ਗਿਆ ਹੈ।

ਆਪਣੇ ਫੇਵਰੇਟ ਡਾਇਲਾਗ ਦਾ ਜ਼ਿਕਰ ਕਰਦਿਆਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ‘ਧੱਕਾ ਨਾ ਕਰੋ ਪੁੱਤ, ਧੱਕਾ ਨਾ ਕਰੋ’ ਡਾਇਲਾਗ ਬਹੁਤ ਪਸੰਦ ਹੈ। ਨਾਲ ਹੀ ‘ਬੈਚਲਰ ਪਾਰਟੀ’ ਗੀਤ ਇੰਦਰਜੀਤ ਨਿੱਕੂ ਤੋਂ ਗਵਾਉਣ ਬਾਰੇ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ ਕਿ ਇੰਦਰਜੀਤ ਨਿੱਕੂ ਨੇ ਬਹੁਤ ਸੋਹਣਾ ਗੀਤ ਗਾਇਆ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਗੀਤ ਉਨ੍ਹਾਂ ਲਈ ਹੀ ਬਣਿਆ ਸੀ।

ਫ਼ਿਲਮ ’ਚ ਪਾਕਿਸਤਾਨੀ ਅਦਾਕਾਰ ਸੋਹੇਲ ਅਹਿਮਦ ਨਾਲ ਕੰਮ ਕਰਨ ਦੇ ਤਜਰਬੇ ਨੂੰ ਸਾਂਝਾ ਕਰਦਿਆਂ ਦਿਲਜੀਤ ਨੇ ਕਿਹਾ ਕਿ ਸੋਹੇਲ ਅਹਿਮਦ ਆਪਣੇ ਆਪ ’ਚ ਐਕਟਿੰਗ ਦਾ ਸਕੂਲ ਹਨ। ਉਹ ਸੋਹੇਲ ਅਹਿਮਦ ਦੇ ਬਹੁਤ ਵੱਡੇ ਫੈਨ ਹਨ ਤੇ ਇੰਨੇ ਵੱਡੇ ਕਲਾਕਾਰ ਨਾਲ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮਹਿਸੂਸ ਕਰਦੇ ਹੋ।

Add a Comment

Your email address will not be published. Required fields are marked *