ਹੁਣ ਗਿੱਪੀ ਗਰੇਵਾਲ ਨੇ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਕੀਤੀ ਇਨਸਾਫ਼ ਦੀ ਮੰਗ

ਜਲੰਧਰ : ਈਰਾਨੀ ਕੁੜੀ ਮਹਿਸਾ ਅਮੀਨੀ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਹੈ। ਪੂਰੀ ਦੁਨੀਆ ‘ਚ ਲੋਕ ਨਾ ਸਿਰਫ਼ ਮਹਿਸਾ ਅਮੀਨੀ ਦੇ ਸਮਰਥਨ ‘ਚ ਖੜੇ ਹੋ ਰਹੇ ਹਨ, ਸਗੋ ਆਪੋ-ਆਪਣੇ ਅੰਦਾਜ਼ ‘ਚ ਉਸ ਲਈ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ। ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ। ਪੰਜਾਬੀ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਮਹਿਸਾ ਅਮੀਨੀ ਦੇ ਹੱਕ ‘ਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ‘ਚ ਉਹ ਔਰਤਾਂ ਦੀ ਆਜ਼ਾਦੀ ਦੇ ਨਾਲ-ਨਾਲ ਮਹਿਸਾ ਅਮੀਨੀ ਲਈ ਇਨਸਾਫ਼ ਦੀ ਵੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ, “ਵੂਮੈਨ ਲਾਈਫ਼ ਫ਼ਰੀਡਮ। ਇਸ ਦੇ ਨਾਲ ਉਨ੍ਹਾਂ ਨੇ ਹੈਸ਼ਟੈਗ ਮਹਿਸਾ ਅਮੀਨੀ ਲਿਖਿਆ ਹੈ।” 

ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਵੀ ਪੋਸਟ ਸ਼ੇਅਰ ਕਰ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ ਕੀਤੀ ਸੀ। ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਦੀ ਹਾਲ ਹੀ ਭੇਦ ਭਰੀ ਹਾਲਤ ‘ਚ ਮੌਤ ਹੋ ਗਈ। ਉਹ ਲੜਕੀ ਸਿਰਫ਼ ਆਪਣੇ ਹੱਕਾਂ ਲਈ ਲੜ ਰਹੀ ਸੀ। ਹੁਣ ਉਸ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਈਰਾਨ ਸੜਕਾਂ ‘ਤੇ ਉੱਤਰ ਆਇਆ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨੇ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ, “ਜੀਅ ਲੈਣ ਦਿਓ ਲੋਕਾਂ ਨੂੰ, ਰੱਬ ਦਾ ਵਾਸਤਾ, ਰੱਬ ਦੇ ਠੇਕੇਦਾਰ ਨਾ ਬਣੋ। ਰੱਬ ਨੇ ਕੋਈ ਡਰੈੱਸ ਨੀ ਬਣਾਈ।”

ਦੱਸਣਯੋਗ ਹੈ ਕਿ ਈਰਾਨ ‘ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈ ਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ ‘ਚ ਮਹਿਸਾ ਅਮੀਨੀ ਮੋਹਰੀ ਸੀ, ਜਿਸ ਦੀ ਪੁਲਸ ਹਿਰਾਸਤ ‘ਚ ਮੌਤ ਹੋ ਗਈ ਸੀ। ਉਸ ਦੀ ਮੌਤ ਤੇ ਪੂਰੀ ਦੁਨੀਆ ‘ਚ ਗ਼ੁੱਸਾ ਹੈ। ਈਰਾਨ ‘ਚ ਸੜਕਾਂ ‘ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। 
ਮਹਿਸਾ ਇਰਾਨ ‘ਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ। ਉਸ ‘ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਸ ਹਿਰਾਸਤ ‘ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।

Add a Comment

Your email address will not be published. Required fields are marked *