ਬਾਈਡੇਨ ਦੀ ਪੁਤਿਨ ਨੂੰ ਚਿਤਾਵਨੀ, ਕਿਹਾ-NATO ਦੇਸ਼ਾਂ ਦੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਲਈ ਤਿਆਰ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਨਾਟੋ ਦੇਸ਼ਾਂ ਦੇ ਖੇਤਰ ਦੇ ਇੱਕ-ਇੱਕ ਇੰਚ ਦੀ ਰੱਖਿਆ ਲਈ ਆਪਣੇ ਨਾਟੋ ਸਹਿਯੋਗੀਆਂ ਨਾਲ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨਾਟੋ ਦੇਸ਼ਾਂ ਨੂੰ ਧਮਕੀਆਂ ਦੇਣਾ ਬੰਦ ਕਰੇ।

ਬਾਈਡੇਨ ਦੀ ਰੂਸ ਨੂੰ ਚਿਤਾਵਨੀ

ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਤਿਨ ਮੇਰੀ ਗੱਲ ਨੂੰ ਹਲਕੇ ਵਿਚ ਨਾ ਲੈਣ। ਅਮਰੀਕਾ ਨਾਟੋ ਦੇਸ਼ਾਂ ਦੇ ਖੇਤਰ ਦੇ ਇਕ-ਇਕ ਇੰਚ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਰੂਸ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹਾਂ। ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਪੁਤਿਨ ਦੀਆਂ ਧਮਕੀਆਂ ਤੋਂ ਡਰਨਗੇ ਨਹੀਂ।ਬਾਈਡੇਨ ਨੇ ਕਿਹਾ ਕਿ ਪੁਤਿਨ ਦੀਆਂ ਕਾਰਵਾਈਆਂ ਇਸ ਗੱਲ ਦਾ ਸੰਕੇਤ ਹਨ ਕਿ ਉਹ ਸੰਘਰਸ਼ ਕਰ ਰਹੇ ਹਨ। ਉਹ ਆਪਣੇ ਗੁਆਂਢੀ ਦੇ ਇਲਾਕੇ ‘ਤੇ ਕਬਜ਼ਾ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਤੋਂ ਬਚ ਸਕਦਾ ਹੈ। ਅਸੀਂ ਯੂਕ੍ਰੇਨ ਨੂੰ ਫ਼ੌਜੀ ਸਾਜ਼ੋ-ਸਾਮਾਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਪੁਤਿਨ ਅਤੇ ਉਹਨਾਂ ਦੀਆ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।

‘ਪੱਛਮੀ ਦੇਸ਼ ਰੂਸ ਨੂੰ ਲੁੱਟਣਾ ਚਾਹੁੰਦੇ ਹਨ’

ਉੱਧਰ ਪੁਤਿਨ ਨੇ ਰੂਸ ਵਿਚ ਡੋਨੇਟਸਕ, ਲੁਹਾਨਸਕ, ਜ਼ਪੋਰਿਜ਼ੀਆ, ਖੇਰਸਨ ਨੂੰ ਸ਼ਾਮਲ ਕੀਤਾ ਹੈ। ਆਪਣੇ ਸ਼ੁੱਕਰਵਾਰ ਦੇ ਭਾਸ਼ਣ ‘ਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਲੁੱਟਿਆ ਅਤੇ ਹੁਣ ਉਨ੍ਹਾਂ ਦੀ ਨਜ਼ਰ ਰੂਸ ‘ਤੇ ਹੈ। ਪੱਛਮੀ ਦੇਸ਼ ਰੂਸ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਰੂਸ ਦੇ ਸਾਬਕਾ ਨੇਤਾਵਾਂ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੀ ਆੜ ‘ਚ ਆਪਣੀ ਰਣਨੀਤਕ ਸ਼ਕਤੀ ਨੂੰ ਘਟਾ ਦਿੱਤਾ ਹੈ, ਜਦੋਂ ਕਿ ਦੂਜੇ ਦੇਸ਼ਾਂ ‘ਚ ਅਸੀਂ ਹਥਿਆਰਾਂ ਦੇ ਸਮਾਨ ਭੰਡਾਰ ਨੂੰ ਕਾਇਮ ਰੱਖਦੇ ਹਾਂ।

ਅਮਰੀਕਾ ਨੇ ਰੂਸ ਦੇ ਫ਼ੈਸਲੇ ਦੀ ਕੀਤੀ ਨਿੰਦਾ 

ਬਾਈਡੇਨ ਨੇ ਕਿਹਾ ਕਿ ਅਸੀਂ ਰੂਸ ਦੇ ਯੂਕ੍ਰੇਨ ਦੇ ਖੇਤਰ ਨੂੰ ਆਪਣੇ ਨਾਲ ਜੋੜਨ ਦੇ ਇਸ ਫ਼ੈਸਲੇ ਦੀ ਨਿੰਦਾ ਕਰਦੇ ਹਾਂ। ਉਸਨੇ ਕ੍ਰੇਮਲਿਨ ‘ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਰੂਸ ਨੇ ਸੰਯੁਕਤ ਰਾਸ਼ਟਰ ਚਾਰਟਰ ਨੂੰ ਕੁਚਲਣ ਦਾ ਕੰਮ ਕੀਤਾ ਹੈ। ਅਮਰੀਕਾ ਹਮੇਸ਼ਾ ਯੂਕ੍ਰੇਨ ਦੀਆਂ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਹੱਦਾਂ ਦਾ ਸਨਮਾਨ ਕਰੇਗਾ।

Add a Comment

Your email address will not be published. Required fields are marked *