ਗੁਜਰਾਤ ਵਿੱਚ 36ਵੀਆਂ ਕੌਮੀ ਖੇਡਾਂ ਦਾ ਆਗਾਜ਼

ਅਹਿਮਦਾਬਾਦ, 29 ਸਤੰਬਰ

ਇੱਥੋਂ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਅੱਜ 36ਵੀਆਂ ਕੌਮੀ ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਾਂ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਦੁਨੀਆ ’ਚ ਸਨਮਾਨ ਮਿਲਣਾ ਸਿੱਧੇ ਤੌਰ ’ਤੇ ਖੇਡਾਂ ’ਚ ਸਫਲਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਕਾਰਨ ਭਾਰਤ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ’ਤੇ ਬਹੁਤੇ ਮੌਕੇ ਨਹੀਂ ਮਿਲ ਸਕੇ ਪਰ ਹੁਣ ਕਾਫੀ ਕੁਝ ਬਦਲ ਗਿਆ ਹੈ। ਉਨ੍ਹਾਂ ਕਿਹਾ, ‘‘ਹੁਣ ਮਾਹੌਲ ਨਵਾਂ ਹੈ। 2014 ਤੋਂ ਖਿਡਾਰੀਆਂ ਨੇ ਖੇਡਾਂ ’ਚ ਜੋ ਜਲਵਾ ਦਿਖਾਉਣਾ ਸ਼ੁਰੂ ਕੀਤਾ ਹੈ, ਉਹ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ।’’ ਜ਼ਿਕਰਯੋਗ ਹੈ ਕਿ 12 ਅਕਤੂਬਰ ਤੱਕ ਚੱਲਣ ਵਾਲੀਆਂ ਕੌਮੀ ਖੇਡਾਂ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 7000 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ।

ਸਾਬਰਮਤੀ ਰਿਵਰਫਰੰਟ ਸਪੋਰਟਸ ਕੰਪਲੈਕਸ ਵਿੱਚ ਹੋਏ ਟੈਨਿਸ ਮੁਕਾਬਲਿਆਂ ਵਿੱਚ ਗੁਜਰਾਤ ਦੀ ਮਹਿਲਾ ਟੀਮ ਨੇ ਅੱਜ ਤੇਲੰਗਾਨਾ ’ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣਾ ਖਿਤਾਬ ਬਚਾਉਣ ਦੀ ਸ਼ੁਰੂਆਤ ਕੀਤੀ, ਜਦਕਿ ਪੱਛਮੀ ਬੰਗਾਲ ਦੀ ਮਹਿਲਾ ਲਾਅਨ ਬਾਲਜ਼ ਟੀਮ ਨੇ ਅਸਾਮ ’ਤੇ 12-11 ਦੀ ਜਿੱਤ ਨਾਲ ਆਪਣੀ ਲੈਅ ਜਾਰੀ ਰੱਖੀ। ਫਾਈਨਲ ’ਚ ਜਗ੍ਹਾ ਬਣਾਉਣ ਲਈ ਹੁਣ ਗੁਜਰਾਤ ਮਹਿਲਾ ਟੈਨਿਸ ਟੀਮ ਦਾ ਮੁਕਾਬਲਾ ਕਰਨਾਟਕ ਨਾਲ ਹੋਵੇਗਾ। ਦੂਜੇ ਸੈਮੀਫਾਈਨਲ ਵਿੱਚ ਮਹਾਰਾਸ਼ਟਰ ਦਾ ਮੁਕਾਬਲਾ ਤਾਮਿਲਨਾਡੂ ਨਾਲ ਹੋਵੇਗਾ। ਮਹਾਰਾਸ਼ਟਰ ਨੇ ਦਿੱਲੀ ਨੂੰ 2-0 ਨਾਲ ਹਰਾਇਆ ਜਦਕਿ ਤਾਮਿਲਨਾਡੂ ਨੇ ਹਰਿਆਣਾ ਨੂੰ ਮਾਤ ਦਿੱਤੀ।

ਨਿਸ਼ਾਨੇਬਾਜ਼ੀ ਵਿੱਚ ਵਿਜੈ ਕੁਮਾਰ (ਹਿਮਾਚਲ ਪ੍ਰਦੇਸ਼) ਨੇ ਦਬਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ ਅੰਕੁਰ ਗੋਇਲ (ਉਤਰਾਖੰਡ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਕਾਰਤਿਕ ਸਬਰੀ ਰਾਜ (ਤਾਮਿਲਨਾਡੂ) ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਕੁਆਲੀਫਿਕੇਸ਼ਨ ਵਿੱਚ 632.2 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਮਹਿਲਾ 10 ਮੀਟਰ ਏਅਰ ਰਾਈਫਲ ਕੁਆਲੀਫਿਕੇਸ਼ਨ ਵਿੱਚ ਤਿਲੋਤੱਮਾ ਸੇਨ (ਕਰਨਾਟਕ) ਪਹਿਲੇ ਸਥਾਨ ’ਤੇ ਰਹੀ।

Add a Comment

Your email address will not be published. Required fields are marked *