ਫੀਫਾ ਨੇ ਛੇਤਰੀ ਨੂੰ ਕੀਤਾ ਸਨਮਾਨਤ, ਉਨ੍ਹਾਂ ਦੇ ਜੀਵਨ ਅਤੇ ਕਰੀਅਰ ‘ਤੇ ਜਾਰੀ ਕੀਤੀ ਸੀਰੀਜ਼

ਨਵੀਂ ਦਿੱਲੀ – ਫੁੱਟਬਾਲ ਦੀ ਗਲੋਬਲ ਗਵਰਨਿੰਗ ਬਾਡੀ ਫੀਫਾ ਨੇ ਭਾਰਤੀ ਫੁੱਟਬਾਲ ਟੀਮ ਦੇ ਕ੍ਰਿਸ਼ਮਈ ਕਪਤਾਨ ਸੁਨੀਲ ਛੇਤਰੀ ਨੂੰ ਉਨ੍ਹਾਂ ਦੇ ਜੀਵਨ ਅਤੇ ਕਰੀਅਰ ‘ਤੇ ਤਿੰਨ ਐਪੀਸੋਡਾਂ ਦੀ ਲੜੀ ਜਾਰੀ ਕਰਕੇ ਸਨਮਾਨਿਤ ਕੀਤਾ। ਫੀਫਾ ਨੇ ਘੋਸ਼ਣਾ ਕੀਤੀ ਕਿ ਇਹ ਤਿੰਨ-ਐਪੀਸੋਡ ਦੀ ਸੀਰੀਜ਼ ਉਨ੍ਹਾਂ ਦੇ ਸਟ੍ਰੀਮਿੰਗ ਪਲੇਟਫਾਰਮ ‘ਫੀਫਾ ਪਲੱਸ’ ‘ਤੇ ਉਪਲੱਬਧ ਹੋਵੇਗੀ। ਫੀਫਾ ਨੇ ਆਪਣੇ ਵਿਸ਼ਵ ਕੱਪ ਹੈਂਡਲ ਤੋਂ ਟਵੀਟ ਕੀਤਾ, “ਤੁਹਾਨੂੰ ਰੋਨਾਲਡੋ ਅਤੇ ਮੇਸੀ ਬਾਰੇ ਸਭ ਕੁਝ ਪਤਾ ਹੈ, ਹੁਣ ਸਰਗਰਮ ਪੁਰਸ਼ ਖਿਡਾਰੀਆਂ ਵਿੱਚ ਤੀਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਦੀ ਕਹਾਣੀ ਜਾਣੋ। ਸੁਨੀਲ ਛੇਤਰੀ-ਕਪਤਾਨ ਫੈਂਟਾਸਟਿਕ ਹੁਣ ਫੀਫਾ ਪਲੱਸ ‘ਤੇ ਉਪਲੱਬਧ ਹੈ।’ ਭਾਰਤ ਦੇ 38 ਸਾਲਾ ਛੇਤਰੀ 84 ਗੋਲਾਂ ਦੇ ਨਾਲ ਸਰਗਰਮ ਖਿਡਾਰੀਆਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹਨ। ਸਰਗਰਮ ਖਿਡਾਰੀਆਂ ਵਿੱਚ ਉਨ੍ਹਾਂ ਤੋਂ ਜ਼ਿਆਦਾ ਗੋਲ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (117) ਅਤੇ ਲਿਓਨਲ ਮੇਸੀ (90) ਨੇ ਹੀ ਕੀਤੇ ਹਨ।

ਪਹਿਲੇ ਐਪੀਸੋਡ ਦੇ ਬਾਰੇ ਵਿੱਚ ਫੀਫਾ ਨੇ ਕਿਹਾ, “ਪਹਿਲਾ ਐਪੀਸੋਡ ਸਾਨੂੰ ਉੱਥੇ ਵਾਪਸ ਲੈ ਜਾਵੇਗਾ ਜਿੱਥੋਂ ਇਹ ਸ਼ੁਰੂ ਹੋਇਆ ਸੀ… 20 ਸਾਲ ਦੀ ਉਮਰ ਵਿੱਚ ਉਨ੍ਹਾਂਦੇ ਭਾਰਤ ਵੱਲੋਂ ਡੈਬਿਊ ਕਰਨ ਤੋਂ ਪਹਿਲਾਂ ਦੀ ਕਹਾਣੀ। ਨਜ਼ਦੀਕੀ ਦੋਸਤਾਂ, ਅਜ਼ੀਜ਼ਾਂ ਅਤੇ ਫੁੱਟਬਾਲ ਟੀਮ ਦੇ ਸਾਥੀਆਂ ਨੇ ਕਹਾਣੀ ਸੁਣਾਉਣ ਵਿੱਚ ਮਦਦ ਕੀਤੀ – ਇਸ ਤੋਂ ਇਲਾਵਾ ਉਹ ਖ਼ੁਦ ਵੀ, ਉਨ੍ਹਾਂ ਨੂੰ ਪਿਆਰ ਨਾਲ ਕਪਤਾਨ, ਨੇਤਾ ਅਤੇ ਲੀਜੈਂਡ ਵੀ ਕਿਹਾ ਜਾਂਦਾ ਹੈ।” ਦੂਜਾ ਐਪੀਸੋਡ ਰਾਸ਼ਟਰੀ ਟੀਮ ਵੱਲੋਂ ਛੇਤਰੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਉੱਚ ਪੱਧਰੀ ਵਿਦੇਸ਼ੀ ਕਲੱਬਾਂ ਵੱਲੋਂ ਪੇਸ਼ੇਵਰ ਫੁੱਟਬਾਲ ਖੇਡਣ ਦੇ ਸੁਫ਼ਨੇ ਦਾ ਜ਼ਿਕਰ ਹੈ। ਤੀਜੇ ਐਪੀਸੋਡ ਵਿੱਚ ਛੇਤਰੀ ਆਪਣੇ ਪੇਸ਼ੇਵਰ ਕਰੀਅਰ ਦੇ ਸਿਖ਼ਰ ‘ਤੇ ਪਹੁੰਚਦੇ ਹਨ ਅਤੇ ਉਨ੍ਹਾਂ ਦੀ ਆਪਣੀ ਨਿੱਜੀ ਜ਼ਿੰਦਗੀ ਦੀ ਜਾਣਕਾਰੀ ਹੈ। ਟਰਾਫੀ ਅਤੇ ਰਿਕਾਰਡ ਦਾ ਵੀ ਜ਼ਿਕਰ ਹੈ। ਛੇਤਰੀ ਨੇ 2005 ਵਿੱਚ ਭਾਰਤ ਲਈ ਡੈਬਿਊ ਕਰਨ ਤੋਂ ਬਾਅਦ 131 ਅੰਤਰਰਾਸ਼ਟਰੀ ਮੈਚ ਖੇਡੇ ਹਨ।

Add a Comment

Your email address will not be published. Required fields are marked *