ਹੁਣ ਸਟਰੀਟ ਲਾਈਟ ਘਪਲੇ ‘ਚ ਕਾਂਗਰਸ ਦੇ ਇਸ ਆਗੂ ਨੂੰ ਘੇਰਨ ਦੀ ਤਿਆਰੀ ‘ਚ ਵਿਜੀਲੈਂਸ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਹੁਣ ਕਾਂਗਰਸ ਦੇ ਇਕ ਵੱਡੇ ਆਗੂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ 65 ਲੱਖ ਦੇ ਸਟਰੀਟ ਲਾਈਟ ਘਪਲੇ ‘ਚ ਜਲਦੀ ਹੀ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨੂੰ ਕਿਸੇ ਵੀ ਸਮੇਂ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸ ਮਾਮਲੇ ਸਬੰਧੀ ਵਿਜਿਲੈਂਸ ਵੱਲੋਂ 3 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਤਿੰਨੇ ਅਧਿਕਾਰੀ ਕੈਪਟਨ ਸੰਦੀਪ ਸੰਧੂ ਦੇ ਕਰੀਬੀ ਹਨ।

ਇਨ੍ਹਾਂ ਦੇ ਸਹਾਰੇ ਵਿਜੀਲੈਂਸ ਵੱਲੋਂ ਸੰਦੀਪ ਸੰਧੂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਧਵਾਂ ਬੇਟ ਬਲਾਕ ਦੇ 26 ਪਿੰਡਾਂ ‘ਚ ਸਟਰੀਟ ਲਾਈਟਾਂ ਲਾਉਣ ਲਈ 65 ਲੱਖ ਰੁਪਏ ਜਾਰੀ ਹੋਏ ਸਨ। ਦੋਸ਼ ਹੈ ਕਿ ਬੀ. ਡੀ. ਪੀ. ਓ. ਸਤਵਿੰਦਰ ਸਿੰਘ ਵੱਲੋਂ 3325 ਰੁਪਏ ਦੀ ਕੀਮਤ ਵਾਲੀਆਂ ਲਾਈਟਾਂ ਨੂੰ 7,288 ਰੁਪਏ ‘ਚ ਖ਼ਰੀਦਿਆ ਗਿਆ ਸੀ। ਇਸ ਦਾ ਭੁਗਤਾਨ ਤਾਂ ਕਰ ਦਿੱਤਾ ਗਿਆ ਪਰ ਪਿੰਡਾਂ ‘ਚ ਲਾਈਟਾਂ ਨਹੀਂ ਲੱਗੀਆਂ ਅਤੇ ਬਿਨਾਂ ਲਾਈਟਾਂ ਦੇ ਹੀ ਕੰਮ ਹੋਣ ਦਾ ਸਰਟੀਫਿਕੇਟ ਵੀ ਦੇ ਦਿੱਤਾ ਗਿਆ।

ਹੁਣ ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨੂੰ ਪਾਰਟੀ ਨੇ ਵਿਧਾਨ ਸਭਾ ਚੋਣਾਂ-2022 ਦੌਰਾਨ ਮੁੱਲਾਂਪੁਰ ਦਾਖਾਂ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਤੋਂ ਹਾਰ ਗਏ ਸਨ। ਇਸ ਤੋਂ ਪਹਿਲਾਂ ਸੰਦੀਪ ਸੰਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਵੀ ਰਹੇ ਹਨ।

Add a Comment

Your email address will not be published. Required fields are marked *