ਮੁਸਲਿਮ ਕਲਾਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਕੀਤੀ ਬੇਅਦਬੀ ‘ਤੇ ਪਾਕਿਸਤਾਨੀ ਸਿੱਖਾਂ ਨੇ ਜਤਾਇਆ ਇਤਰਾਜ਼

ਪਾਕਿਸਤਾਨੀ ਸਿੱਖ ਭਾਈਚਾਰੇ ਨੇ ਗੈਰ-ਸਿੱਖਾਂ ਵੱਲੋਂ ਸਿੱਖਾਂ ਦੇ ਪਹਿਰਾਵੇ ਪਹਿਨਣ ਤੋਂ ਬਾਅਦ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਇਲਾਕੇ ਵਿੱਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਅੰਦਰ ਫ਼ਿਲਮ ਦੀ ਸ਼ੂਟਿੰਗ ਕਰਨ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਸਿੱਖਾਂ ਨੇ ਦੱਸਿਆ ਕਿ ਪੰਜਾਬੀ ਫ਼ਿਲਮ ‘ਲਾਹੌਰ ਲਾਹੌਰ ਏ’ ਦੇ ਦਰਜਨ ਤੋਂ ਵੱਧ ਮੁਸਲਿਮ ਕਲਾਕਾਰ ਪੱਗਾਂ ਬੰਨ੍ਹ ਕੇ ਸਿੱਖ ਹੋਣ ਦਾ ਢੌਂਗ ਰਚ ਰਹੇ ਸਨ ਅਤੇ ਇਸ ਪਵਿੱਤਰ ਗੁਰਦੁਆਰੇ ਦੇ ਅੰਦਰ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਕਰ ਰਹੇ ਸਨ। ਫ਼ਿਲਮੀ ਕਲਾਕਾਰ ਬਿਨਾਂ ਸਿਰ ਢਕੇ ਅਤੇ ਜੁੱਤੀਆਂ ਉਤਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ। ਉਹ ਗੁਰੂ ਦੁਆਰਾ ਬਖਸ਼ੀ ਸਿੱਖ ਰਹਿਤ ਮਰਯਾਦਾ ਬਾਰੇ ਘੱਟ ਹੀ ਚਿੰਤਤ ਸਨ। ਉਨ੍ਹਾਂ ਦੇ ਮਨਾਂ ਵਿੱਚ ਸਿੱਖ ਧਰਮ ਪ੍ਰਤੀ ਕੋਈ ਸਤਿਕਾਰ ਨਹੀਂ ਸੀ। ਉਨ੍ਹਾਂ ਨੇ ਬਹੁਤ ਹੀ ਅਸੰਵੇਦਨਸ਼ੀਲ ਤਰੀਕੇ ਨਾਲ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਸਿੱਖੀ ਸਰੂਪ ਦਾ ਮਜ਼ਾਕ ਉਡਾ ਰਹੇ ਸਨ।

ਦਾੜ੍ਹੀ ਜਾਂ ਤਾਂ ਕੱਟੀ ਹੋਈ ਸੀ ਜਾਂ ਪੂਰੀ ਤਰ੍ਹਾਂ ਕਲੀਨ ਸ਼ੇਵ ਕੀਤੀ ਗਈ ਸੀ। ਹਸਨ ਅਬਦਾਲ ਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਹੋਰ ਸਿੱਖਾਂ ਨੇ ਇਸ ਸ਼ੂਟਿੰਗ ਦਾ ਵਿਰੋਧ ਕਰਦਿਆਂ ਫ਼ਿਲਮ ਦੇ ਅਮਲੇ ਨੂੰ ਯਾਦ ਦਿਵਾਇਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਿੱਖ ਕੌਮ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਇੱਥੇ ਕਿਸੇ ਵੀ ਹਾਲਤ ਵਿੱਚ ਬੇਅਦਬੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਫ਼ਿਲਮ ਯੂਨਿਟ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਗੁਰਦੁਆਰਾ ਸਾਹਿਬ ਵਿੱਚ ਫ਼ਿਲਮ ਸ਼ੂਟ ਜਾਰੀ ਰਹੀ ਤਾਂ ਆਪਣੇ ਦਲ ਅਤੇ ਸਾਜ਼ੋ-ਸਾਮਾਨ ਦੇ ਕਿਸੇ ਵੀ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ।

Add a Comment

Your email address will not be published. Required fields are marked *