ਇੱਕੀਵੀਂ ਸਦੀ ’ਚ ਹਰਿਆਣਾ ਬੇਰੁਜ਼ਗਾਰੀ ਦਾ ਚੈਂਪੀਅਨ: ਰਾਹੁਲ ਗਾਂਧੀ

ਪਾਣੀਪਤ, 6 ਜਨਵਰੀ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਅਗਨੀਪਥ ਸਕੀਮ ਤੇ ਜੀਐੱਸਟੀ ਸਣੇ ਹੋਰ ਕਈ ਮੁੱਦਿਆਂ ਦੇ ਹਵਾਲੇ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜੰਮ ਕੇ ਭੰਡਿਆ। ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਹੋਣ ਦੇ ਹਵਾਲੇ ਨਾਲ ਰਾਹੁਲ ਨੇ ਕਿਹਾ ਕਿ ਇੱਕੀਵੀਂ ਸਦੀ ਵਿੱਚ ਹਰਿਆਣਾ ਬੇਰੁਜ਼ਗਾਰੀ ਦਾ ਚੈਂਪੀਅਨ ਹੈ। ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਦੀ ਕੜੀ ਵਿੱਚ ਇਥੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਇਸ ਵੇਲੇ ਦੋ ਭਾਰਤ ਹਨ- ਜਿਨ੍ਹਾਂ ਵਿਚੋਂ ਇਕ ਕਿਸਾਨਾਂ, ਕਿਰਤੀਆਂ, ਛੋਟੇ ਦੁਕਾਨਦਾਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਦਾ ਹੈ ਅਤੇ ਦੂਜਾ 200 ਤੋਂ 300 ਲੋਕਾਂ ਦਾ ਹੈ, ਜੋ ਦੇਸ਼ ਦੀ ਧਨ ਦੌਲਤ ਸਾਂਭੀ ਬੈਠੇ ਹਨ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਅੱਜ ਸ਼ਾਮ ਉੱਤਰ ਪ੍ਰਦੇਸ਼ ਤੋਂ ਇਥੇ ਪੁੱਜੀ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਸੂਬੇ ਵਿੱਚ ਬੇਰੁਜ਼ਗਾਰੀ ਦੀ ਸਭ ਤੋਂ ਵੱਧ ਦਰ ਹੋਣ ਦੇ ਹਵਾਲੇ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਵੀ ਰਗੜੇ ਲਾਏ। ਇਕੱਠ ਵਿੱਚ ਸ਼ਾਮਲ ਲੋਕਾਂ ’ਚੋਂ ਕਿਸੇ ਨੇ ਜਦੋਂ ਕਿਹਾ ਕਿ ਸੂਬੇ ਵਿੱਚ ਬੇਰੁਜ਼ਗਾਰੀ ਦਰ 38 ਫੀਸਦ ਹੈ ਤਾਂ ਰਾਹੁਲ ਗਾਂਧੀ ਨੇ ਕਿਹਾ, ‘‘21ਵੀਂ ਸਦੀ ਵਿੱਚ ਹਰਿਆਣਾ ਬੇਰੁਜ਼ਗਾਰੀ ਦਾ ਚੈਂਪੀਅਨ ਹੈ, ਤੁਸੀਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।’’ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਨੀਤੀਆਂ ਨਹੀਂ ਬਲਕਿ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੂੰ ਤਬਾਹ ਕਰਨ ਦਾ ਹਥਿਆਰ ਹੈ। ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਅਗਨੀਪਥ ਸਕੀਮ ਲਈ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗਾਂਧੀ ਨੇ ਕਿਹਾ, ‘‘ਪਹਿਲਾਂ ਮੈਨੂੰ ਸਮਝਾਓ ਕਿ ਅਗਨੀਪਥ ਸਕੀਮ ਹੈ ਕੀ। ਭਾਜਪਾ ਸਮਰਥਕ ਕਹਿੰਦੇ ਹਨ ਕਿ ਉਹ ਦੇਸ਼ ਭਗਤ ਹਨ, ਪਹਿਲਾਂ ਮੈਨੂੰ ਉਨ੍ਹਾਂ ਦੀ ਦੇਸ਼ ਭਗਤੀ ਸਮਝਾਓ।’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਚੋਣਾਂ ਮੌਕੇ ਵੱਡੇ ਵੱਡੇ ਵਾਅਦੇ ਕਰਦੀ ਹੈ ਤੇ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਇਨ੍ਹਾਂ ਤੋਂ ਮੁੱਕਰ ਜਾਂਦੀ ਹੈ। ਖੜਗੇ ਨੇ ਕਿਹਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਪਰ ਭਾਜਪਾ ਸਰਕਾਰ ਨੂੰ ਸ਼ਾਇਦ ਇਸ ਦੀ ਕੋਈ ਫ਼ਿਕਰ ਨਹੀਂ। ਖੜਗੇ ਨੇ ਕਿਹਾ, ‘‘ਉਹ ਭਗਵਾਨ ਦੇ ਨਾਂ ’ਤੇ ਝੂਠ ਬੋਲਦੇ ਹਨ। ਇਹ ਝੂਠ ਦੀ ਸਰਕਾਰ ਹੈ।’’ ਉਨ੍ਹਾਂ ਕਿਹਾ ਕਿ ਤ੍ਰਿਪੁਰਾ, ਜਿੱਥੇ ਚੋਣਾਂ ਹੋਣੀਆਂ ਹਨ, ਵਿੱਚ ਸ਼ਾਹ ਵੱਲੋਂ ਅਯੁੱਧਿਆ ’ਚ ਰਾਮ ਮੰਦਿਰ ਦੇ ਉਦਘਾਟਨ ਦੀ ਗੱਲ ਕੀਤੀ ਜਾ ਰਹੀ ਹੈ। ਰੈਲੀ ਵਿੱਚ ਸੀਨੀਅਰ ਪਾਰਟੀ ਆਗੂ ਕੁਮਾਰੀ ਸ਼ੈਲਜਾ, ਭੁਪਿੰਦਰ ਸਿੰਘ ਹੁੱਡਾ, ਵੇਣੂਗੋਪਾਲ, ਸ਼ਕਤੀਸਿੰਹ ਗੋਹਿਲ, ਕਿਰਨ ਚੌਧਰੀ ਤੇ ਡੀ.ਕੇ.ਸ਼ਿਵਕੁਮਾਰ ਵੀ ਮੌਜੂਦ ਸਨ।

Add a Comment

Your email address will not be published. Required fields are marked *