ਆਸਟ੍ਰੇਲੀਆਈ ਕੋਚ ਨੇ ਅਕਸ਼ਰ ਦੀ ਕੀਤੀ ਸ਼ਲਾਘਾ

ਹੈਦਰਾਬਾਦ : ਆਸਟ੍ਰੇਲੀਆ ਦੇ ਕੋਚ ਐਂਡਰਿਊ ਮੈਕਡੋਨਾਲਡ ਨੇ ਕਿਹਾ ਕਿ ਟੀ-20 ਸੀਰੀਜ਼ ‘ਚ ਰਵਿੰਦਰ ਜਡੇਜਾ ਦੀ ਗੈਰ-ਮੌਜੂਦਗੀ ‘ਚ ਭਾਰਤੀ ਟੀਮ ਕਮਜ਼ੋਰ ਨਹੀਂ ਹੋਈ, ਸਗੋਂ ਉਸ ਨੂੰ ਅਕਸ਼ਰ ਪਟੇਲ ਦੇ ਰੂਪ ‘ਚ ਵਧੀਆ ਬਦਲ ਮਿਲਿਆ। ਜ਼ਖਮੀ ਜਡੇਜਾ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਅਕਸ਼ਰ ਨੂੰ ਲਿਆਂਦਾ ਗਿਆ। ਅਕਸ਼ਰ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈ ਕੇ ਆਪਣੇ ਪ੍ਰਦਰਸ਼ਨ ਦੀ ਛਾਪ ਛੱਡੀ। ਮੈਕਡੋਨਲਡ ਨੇ ਤੀਜੇ ਮੈਚ ਤੋਂ ਬਾਅਦ ਕਿਹਾ ਕਿ ਅਕਸ਼ਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਜਡੇਜਾ ਦੇ ਬਾਹਰ ਹੋਣ ਤੋਂ ਬਾਅਦ ਸਾਰਿਆਂ ਨੇ ਸੋਚਿਆ ਕਿ ਭਾਰਤੀ ਟੀਮ ਕਮਜ਼ੋਰ ਹੋਵੇਗੀ ਪਰ ਉਨ੍ਹਾਂ ਨੂੰ ਇਕ ਹੋਰ ਸ਼ਾਨਦਾਰ ਖਿਡਾਰੀ ਮਿਲਿਆ। ਇਹ ਪੁੱਛੇ ਜਾਣ ‘ਤੇ ਕਿ ਕੀ ਵਿਸ਼ਵ ਕੱਪ ਤੋਂ ਪਹਿਲਾਂ ਸੀਰੀਜ਼ ਹਾਰਨਾ ਚਿੰਤਾ ਦਾ ਸਬੱਬ ਹੈ, ਕੋਚ ਨੇ ਕਿਹਾ ਕਿ ਪੂਰੀ ਸੀਰੀਜ਼ ‘ਚ ਚੰਗੀ ਰਨ ਰੇਟ ਸੀ ਅਤੇ ਕਾਫੀ ਮਨੋਰੰਜਕ ਕ੍ਰਿਕਟ ਖੇਡੀ ਗਈ। ਬੱਲੇ ਦਾ ਗੇਂਦ ‘ਤੇ ਦਬਦਬਾ ਰਿਹਾ ਅਤੇ ਗੇਂਦਬਾਜ਼ਾਂ ਲਈ ਕੁਝ ਨਹੀਂ ਸੀ।

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਇੱਥੋਂ ਦੇ ਹਾਲਾਤ ਵੱਖਰੇ ਹਨ। ਪਿੱਚਾਂ ਵਿੱਚ ਜ਼ਿਆਦਾ ਉਛਾਲ ਹੋਵੇਗਾ ਅਤੇ ਮਿਸ਼ੇਲ ਸਟਾਰਕ ਟੀਮ ਵਿੱਚ ਵਾਪਸੀ ਕਰੇਗਾ ਜੋ ਸਾਡੇ ਹਮਲੇ ਨੂੰ ਮਜ਼ਬੂਤ ਕਰੇਗਾ। ਉਸ ਨੇ ਅਰਧ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਰਯਕੁਮਾਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਹ ਵਿਸ਼ਵ ਕੱਪ ‘ਚ ਖਤਰਨਾਕ ਸਾਬਤ ਹੋ ਸਕਦਾ ਹੈ। ਉਸਨੇ ਦਿਖਾਇਆ ਕਿ ਉਹ ਕੀ ਕਰ ਸਕਦਾ ਹੈ।

Add a Comment

Your email address will not be published. Required fields are marked *