ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ

ਜ਼ਿਊਰਿਖ : ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਥੇ ਡਾਇਮੰਡ ਲੀਗ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇੱਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕੀਤੀ। ਚੋਪੜਾ ਇਹ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹੈ। ਚੋਪੜਾ ਨੇ ਫਾਊਲ ਨਾਲ ਸ਼ੁਰੂਆਤ ਕੀਤੀ ਪਰ ਆਪਣੀ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਜੈਵਲਿਨ ਥਰੋਅ ਨਾਲ ਸਿਖ਼ਰ ‘ਤੇ ਪਹੁੰਚ ਗਏ। ਇਹ ਉਨ੍ਹਾਂ ਦੇ ਕਰੀਅਰ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਹੈ ਜਿਸ ਨੇ ਅੰਤ ਵਿੱਚ ਉਨ੍ਹਾਂ ਨੂੰ ਸੋਨ ਤਮਗਾ ਜਿਤਾ ਦਿੱਤਾ।

ਉਨ੍ਹਾਂ ਨੇ ਆਪਣੀਆਂ ਅਗਲੀਆਂ ਚਾਰ ਕੋਸ਼ਿਸ਼ਾਂ ਵਿੱਚ 88.00 ਮੀਟਰ, 86.11 ਮੀਟਰ, 87.00 ਮੀਟਰ ਅਤੇ 83.60 ਮੀਟਰ ਥਰੋਅ ਕੀਤਾ। ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵਾਡਲੇਜ 86.94 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਨੂੰ ਉਨ੍ਹਾਂ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਹਾਸਲ ਕੀਤਾ। ਜਰਮਨੀ ਦਾ ਜੂਲੀਅਨ ਵੇਬਰ 83.73 ਮੀਟਰ ਨਾਲ ਤੀਜੇ ਸਥਾਨ ‘ਤੇ ਰਹੇ।

ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਦੇ ਪਿਛਲੇ ਕੁਝ ਸਾਲ ਸ਼ਾਨਦਾਰ ਰਹੇ ਹਨ। 2021 ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਪਹਿਲਾਂ, ਉਨ੍ਹਾਂ ਨੇ 2018 ਵਿੱਚ ਏਸ਼ੀਅਨ ਖੇਡਾਂ ਵਿੱਚ ਸੋਨ, 2018 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ, ਜਦੋਂ ਕਿ ਇਸ ਸਾਲ ਉਨ੍ਹਾਂ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਨੀਰਜ ਸੱਟ ਕਾਰਨ 2022 ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਨਹੀਂ ਲੈ ਸਕੇ ਸਨ। ਨੀਰਜ ਦੀ ਇੱਛਾ ਡਾਇਮੰਡ ਟਰਾਫੀ ਜਿੱਤਣ ਦੀ ਸੀ, ਜੋ ਹੁਣ ਪੂਰੀ ਹੋ ਗਈ ਹੈ।

Add a Comment

Your email address will not be published. Required fields are marked *