ਪਾਕਿਸਤਾਨ ਨੇ ਮੁੰਬਈ ਹਮਲੇ ਵਰਗੀ ਅੱਤਵਾਦੀ ਸਾਜ਼ਿਸ਼ ਨਾਲ ਜੁੜੀਆਂ ਖ਼ਬਰਾਂ ਨੂੰ ਕੀਤਾ ਖਾਰਿਜ

ਇਸਲਾਮਾਬਾਦ : ਪਾਕਿਸਤਾਨ ਨੇ ਮੀਡੀਆ ’ਚ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਐਤਵਾਰ ਖਾਰਿਜ ਕਰ ਦਿੱਤਾ, ਜਿਨ੍ਹਾਂ ’ਚ ‘ਪ੍ਰਸੰਗ ਤੋਂ ਬਾਹਰ’ ਕੁਝ ਘਟਨਾਵਾਂ ਨੂੰ ਭਾਰਤ ਵਿਰੁੱਧ ‘ਕਥਿਤ ਅੱਤਵਾਦੀ ਸਾਜ਼ਿਸ਼’ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ। ਪਾਕਿਸਤਾਨੀ ਵਿਦੇਸ਼ ਦਫਤਰ (ਐੱਫ. ਓ.) ਨੇ ਕਿਹਾ ਕਿ ਮੀਡੀਆ ’ਚ ‘ਹਾਲ ਹੀ ’ਚ ਅੱਤਵਾਦ ਨਾਲ ਸਬੰਧਿਤ ਗ਼ਲਤ ਦਾਅਵੇ’ ਕੀਤੇ ਗਏ ਸਨ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਅੱਤਵਾਦ ਦਾ ਵਿਚਾਰ ਵਟਾਂਦਰਾ ਕਰਨ ਲਈ ਮੀਡੀਆ ’ਚ ਇਹ ਖ਼ਬਰ ਪ੍ਰਸਾਰਿਤ ਕੀਤੀ ਗਈ ਕਿ ਭਾਰਤ ਨੇ ਕਿਸੇ ਪਾਕਿਸਤਾਨੀ ਵ੍ਹਟਸਐਪ ਨੰਬਰ ਤੋਂ ਇਕ ਸੰਦੇਸ਼ ਫੜਿਆ ਹੈ ਅਤੇ ਮਹਾਰਾਸ਼ਟਰ ’ਚ ਇਕ ਖਾਲੀ ਕਿਸ਼ਤੀ ਜ਼ਬਤ ਕੀਤੀ ਗਈ ਹੈ, ਜਿਸ ’ਤੇ ਕੁਝ ਹਥਿਆਰ ਵੀ ਸਨ।

ਇਸ ਨੇ ਇਕ ਬਿਆਨ ’ਚ ਕਿਹਾ ਕਿ ਕਥਿਤ ਭਾਰਤੀ ਮੀਡੀਆ ਦੇ ਇਕ ਵਰਗ ਨੇ ਇਨ੍ਹਾਂ ਦਾਅਵਿਆਂ ਨੂੰ ਕੁਝ ਇਸ ਤਰ੍ਹਾਂ ਨਾਲ ਪੇਸ਼ ਕੀਤਾ ਕਿ ਮੁੰਬਈ ਹਮਲੇ (26 ਨਵੰਬਰ 2008 ਨੂੰ ਹੋਏ) ਵਰਗਾ ਹਮਲਾ ਹੋਣ ਵਾਲਾ ਹੋਵੇ ਅਤੇ ਉਸ ਦੇ ਲਈ ਇਨ੍ਹਾਂ ਦਾਅਵਿਆਂ ਨੂੰ ਉਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਮੀਡੀਆ ਨੇ ਇਹ ਖ਼ਬਰ ਵੀ ਪ੍ਰਸਾਰਿਤ ਕੀਤੀ ਕਿ ਭਾਰਤੀ ਖੁਫ਼ੀਆ ਏਜੰਸੀਆਂ ਅਤੇ ਸਰਹੱਦ ’ਤੇ ਤਾਇਨਾਤ ਫ਼ੌਜੀਆਂ ਨੂੰ ਰਾਜੌਰੀ ’ਤੇ ਸਰਹੱਦ ਪਾਰ ਤੋਂ ਘੁਸਪੈਠ ਦੇ ਖ਼ਦਸ਼ੇ ਦੇ ਚੱਲਦਿਆਂ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਇਸ ਨੇ ਕਿਹਾ, ‘‘ਇਹ ਹੋਰ ਕੁਝ ਨਹੀਂ ਸਗੋਂ ਅੱਤਵਾਦ ਦੇ ਬਹਾਨੇ ਪਾਕਿਸਤਾਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਇਕ ਹੋਰ ਭਾਰਤੀ ਸਾਜ਼ਿਸ਼ ਸੀ।’’

Add a Comment

Your email address will not be published. Required fields are marked *