ਸਹਾਇਕ ਪ੍ਰੋਫ਼ੈਸਰਾਂ ਵੱਲੋਂ ਮੀਤ ਹੇਅਰ ਦੀ ਕੋਠੀ ਨੇੜੇ ਧਰਨਾ

ਬਰਨਾਲਾ, 25 ਸਤੰਬਰ

ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦਾ ਘਿਰਾਓ ਕਰਨ ਦੀ ਜੱਦੋ-ਜਹਿਦ ਦੌਰਾਨ ਬੀਤੀ 19 ਸਤੰਬਰ ਨੂੰ ਲਾਠੀਚਾਰਜ ਦਾ ਸ਼ਿਕਾਰ ਹੋਏ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨਾਂ (ਸਰਕਾਰੀ ਕਾਲਜ) ਨੇ ਅੱਜ ਮੁੜ ਭਰਤੀ ਪ੍ਰਕਿਰਿਆ ਬਹਾਲ ਕਰਾਉਣ ਦੀ ਮੰਗ ਕਰਦਿਆਂ ਸ੍ਰੀ ਹੇਅਰ ਦੀ ਸਥਾਨਕ ਰਿਹਾਇਸ਼ ਨੇੜੇ ਕਚਹਿਰੀ ਚੌਕ ’ਤੇ ਧਰਨਾ ਲਾਇਆ। ਇਸ ਮੌਕੇ ਡੀਟੀਐੱਫ਼, ਬੀਕੇਯੂ ਉਗਰਾਹਾਂ, ਡਕੌਂਦਾ ਤੇ ਇਨਕਲਾਬੀ ਕੇਂਦਰ ਪੰਜਾਬ ਸਮੇਤ ਹੋਰ ਮੁਲਾਜ਼ਮ ਜਥੇਬੰਦੀਆਂ ਵੀ ਹਮਾਇਤ ’ਚ ਨਿੱਤਰੀਆਂ। 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਡਾ. ਸੋਹੇਲ, ਕਰਮਜੀਤ ਸਿੰਘ ਤੇ ਜਗਮੀਤ ਸਿੰਘ ਨੇ ਕਿਹਾ ਕਿ ਪੈਨਲ ਮੀਟਿੰਗ ਦੀ ਮੰਗ ਪ੍ਰਤੀ ਸਰਕਾਰ ਦੀ ਸ਼ਰਮਨਾਕ ਚੁੱਪ ਦੇ ਵਿਰੋਧ ਵਿੱਚ ਅੱਜ ਮੁੜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਭਰਤੀ ਪ੍ਰਕਿਰਿਆ ਬਹਾਲੀ ਹਿਤ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ, ਜਿਸ ਵਿੱਚ ਉਚੇਰੀ ਸਿੱਖਿਆ ਸਕੱਤਰ, ਵਧੀਕ ਡੀਪੀਆਈ ਤੇ ਐਡਵੋਕੇਟ ਜਨਰਲ ਪੰਜਾਬ ਵੀ ਸ਼ਾਮਲ ਹੋਣ। ਡੀਟੀਐੱਫ਼ ਦੇ ਸੂਬਾ ਆਗੂ ਰਾਜੀਵ ਕੁਮਾਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਡਾ. ਰਾਜਿੰਦਰਪਾਲ, ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਰੂਪ ਸਿੰਘ ਛੰਨਾਂ, ਭਾਕਿਯੂ ਡਕੌਂਦਾ ਦੇ ਮਨਜੀਤ ਧਨੇਰ, ਜਮਹੂਰੀ ਅਧਿਕਾਰ ਸਭਾ ਦੇ ਹਰਚਰਨ ਚਹਿਲ ਤੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਇਸ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਧਰਨਾਕਾਰੀਆਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਭਰਤੀ ਸਿਰੇ ਚੜ੍ਹਨ ਨਾਲ ਸੂਬੇ ਦੀ ਉਚੇਰੀ ਸਿੱਖਿਆ ਤੇ ਸਰਕਾਰੀ ਕਾਲਜ ਬਚਣਗੇ। ਇਸ ਮੌਕੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਪੀਐੱਸਯੂ (ਲਲਕਾਰ), ਸ਼ਹੀਦ ਰੰਧਾਵਾ, ਐੱਸਐੱਫ਼ਆਈ ਤੇ ਪੀਆਰਐੱਸਯੂ ਸਣੇ ਕਈ ਜਥੇਬੰਦੀਆਂ ਨੇ ਧਰਨਾਕਾਰੀਆਂ ਦੇ ਸਮਰਥਨ ਦਾ ਐਲਾਨ ਕੀਤਾ। ਦੇਰ ਸ਼ਾਮ ਸਥਾਨਕ ਨਾਇਬ ਤਹਿਸੀਲਦਾਰ ਨੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਪਹਿਲੀ ਨਵੰਬਰ ਨੂੰ ਮੀਤ ਹੇਅਰ ਤੇ ਹੋਰ ਅਧਿਕਾਰੀਆਂ ਨਾਲ ਤੈਅ ਕਰਵਾ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਧਰਨਾ ਖ਼ਤਮ ਕਰ ਦਿੱਤਾ ਹੈ।

Add a Comment

Your email address will not be published. Required fields are marked *