ਗੋਲੀ ਕਾਂਡ: ਨਗਰ ਕੌਂਸਲ ਪ੍ਰਧਾਨ ਸਣੇ ਦਸ ਜਣਿਆਂ ਖ਼ਿਲਾਫ਼ ਕੇਸ ਦਰਜ

ਫ਼ਿਰੋਜ਼ਪੁਰ, 25 ਸਤੰਬਰ-: ਸਾਬਕਾ ਕੌਂਸਲਰ ਮੁਨੀਸ਼ ਧਵਨ ਦੇ ਭਰਾ ਸੰਦੀਪ ਧਵਨ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲੀਸ ਨੇ ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ ਸਮੇਤ ਦਸ ਜਣਿਆਂ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇੱਥੋਂ ਦੇ ਵਕੀਲ ਗੁਲਸ਼ਨ ਮੋਂਗਾ ਨੂੰ ਵੀ ਕੇਸ ’ਚ ਮੁਲਜ਼ਮਾਂ ਨੂੰ ਸ਼ਹਿ ਦੇਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਥਾਣਾ ਸਿਟੀ ਪੁਲੀਸ ਨੇ ਕੁਝ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਪਰਿਵਾਰਕ ਸੂਤਰਾਂ ਮੁਤਾਬਕ ਅੱਜ ਤੜਕਸਾਰ ਪੰਜ ਘੰਟੇ ਚੱਲੇ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਸੰਦੀਪ ਦੇ ਢਿੱਡ ’ਚੋਂ ਗੋਲੀ ਬਾਹਰ ਕੱਢ ਦਿੱਤੀ ਹੈ। ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਵੇਲੇ ਤੋਂ ਚੱਲ ਰਹੀ ਰੰਜਿਸ਼ ਕਾਰਨ ਲੰਘੇ ਕੱਲ੍ਹ ਸੰਦੀਪ ਧਵਨ ’ਤੇ ਹਮਲਾ ਹੋ ਸੀ। ਹਮਲੇ ’ਚ ਗੋਲੀ ਲੱਗਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਸੰਦੀਪ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਹਮਲਾ ਕਰਨ ਵਾਲਿਆਂ ਵਿੱਚ ਨਗਰ ਕੌਂਸਲ ਦਾ ਮੌਜੂਦਾ ਪ੍ਰਧਾਨ ਰਿੰਕੂ ਗਰੋਵਰ, ਕੌਂਸਲਰ ਪਰਮਿੰਦਰ ਸਿੰਘ ਹਾਂਡਾ, ਕੌਂਸਲਰ ਪਰਵਿੰਦਰ ਉਰਫ਼ ਪਿੰਟੂ ਕਪਾਹੀ, ਸਾਬਕਾ ਕੌਂਸਲਰ ਮਰਕਸ ਭੱਟੀ, ਪਿੰਟੂ ਕਪਾਹੀ ਦਾ ਸਹੁਰਾ ਵਰਿੰਦਰ ਕਟਾਰੀਆ, ਸਾਲਾ ਕੁਸ਼ ਕਟਾਰੀਆ, ਭਰਾ ਸੋਨੂੰ ਕਪਾਹੀ, ਪਵਨ ਉਰਫ਼ ਪੰਮਾ ਮਹਿਤਾ ਤੇ ਡਰਾਈਵਰ ਕਸ਼ਮੀਰ ਦਾ ਮੁੰਡਾ ਸ਼ਾਮਲ ਸਨ। ਸੰਦੀਪ ਨੇ ਹਮਲਾਵਰਾਂ ਵਿੱਚ ਦੋ-ਤਿੰਨ ਅਣਪਛਾਤੇ ਵਿਅਕਤੀ ਵੀ ਸ਼ਾਮਲ ਦੱਸੇ ਹਨ। ਦੂਜੇ ਪਾਸੇ ਪ੍ਰਧਾਨ ਰਿੰਕੂ ਗਰੋਵਰ ਨੇ ਵੀਡੀਓ ਜਾਰੀ ਕਰਕੇ ਖੁਦ ਨੂੰ ਬੇਕਸੂਰ ਕਰਾਰ ਦਿੱਤਾ ਹੈ।

ਐਡਵੋਕੇਟ ਗੁਲਸ਼ਨ ਮੋਂਗਾ ਨੇ ਵੀ ਖ਼ੁਦ ਨੂੰ ਬੇਕਸੂਰ ਦੱਸ ਕੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਦਾ ਕਹਿਣਾ ਕਿ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਾਰੇ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਤੇ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *