ਪੰਜਾਬ ‘ਚ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪਲਾਂਟ ਕਾਰਜਸ਼ੀਲ

ਚੰਡੀਗੜ੍ਹ, 12 ਅਗਸਤ -ਸਾਫ਼-ਸੁਥਰੀ ਊਰਜਾ ਦੀ ਦਿਸ਼ਾ ‘ਚ ਠੋਸ ਕਦਮ ਚੁੱਕਦਿਆਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ‘ਚ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ-ਗੈਸ (ਸੀ.ਬੀ.ਜੀ.) ਪਲਾਂਟ ਕਾਰਜਸ਼ੀਲ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦਸਿਆ ਕਿ ਪ੍ਰਤੀ ਦਿਨ ਕੁੱਲ 33.23 ਟਨ ਸੀ.ਬੀ.ਜੀ. ਦੀ ਸਮਰੱਥਾ ਵਾਲਾ ਇਹ ਪਲਾਂਟ ਪਿੰਡ ਭੁਟਾਲ ਕਲਾਂ (ਸੰਗਰੂਰ) ਵਿਖੇ ਅਪ੍ਰੈਲ, 2022 ਵਿਚ ਚਾਲੂ ਹੋ ਗਿਆ ਹੈ | ਇਸ ਪਲਾਂਟ ‘ਚੋਂ ਸੀ.ਬੀ.ਜੀ. ਦਾ ਵਪਾਰਕ ਉਤਪਾਦਨ ਸ਼ੁਰੂ ਹੋ ਗਿਆ ਹੈ, ਜਿਸ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ. ਸੀ.ਐਲ.) ਦੇ ਆਊਟਲੈਟ ਨੂੰ ਸਪਲਾਈ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਪੇਡਾ ਵਲੋਂ ਪਰਾਲੀ ਦੇ ਸਥਾਈ ਤੇ ਟਿਕਾਊ ਹੱਲ ਲਈ ਝੋਨੇ ਦੀ ਪਰਾਲੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ‘ਤੇ ਆਧਾਰਿਤ ਕੁੱਲ 492.58 ਟਨ ਪ੍ਰਤੀ ਦਿਨ ਸਮਰੱਥਾ ਦੇ 42 ਹੋਰ ਸੀ.ਬੀ.ਜੀ. ਪ੍ਰਾਜੈਕਟ ਵੀ ਅਲਾਟ ਕੀਤੇ ਗਏ ਹਨ, ਜਿਸ ਨਾਲ ਪੇਂਡੂ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ | ਕੈਬਨਿਟ ਮੰਤਰੀ ਨੇ ਦਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਤਕਰੀਬਨ 1200 ਕਰੋੜ ਰੁਪਏ ਦਾ ਪ੍ਰਾਈਵੇਟ ਨਿਵੇਸ਼ ਹੋਣ ਦੀ ਉਮੀਦ ਹੈ | ਇਸ ਤੋਂ ਇਲਾਵਾ 8000 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਪੇਡਾ ਦੇ ਚੀਫ਼ ਐਗਜੀਕਿਊਟਿਵ ਸੁਮੀਤ ਜਾਰੰਗਲ ਨੇ ਦੱਸਿਆ ਕਿ ਕੁੱਲ 14.25 ਟਨ ਸੀ.ਬੀ.ਜੀ. ਪ੍ਰਤੀ ਦਿਨ ਦੀ ਸਮਰੱਥਾ ਵਾਲੇ ਦੋ ਹੋਰ ਪਲਾਂਟ 2022-23 ‘ਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਬਾਕੀ ਪ੍ਰਾਜੈਕਟਾਂ ਦੇ ਅਗਲੇ ਤਿੰਨ ਸਾਲਾਂ ਵਿਚ ਚਾਲੂ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਚਾਲੂ ਹੋਣ ਉਤੇ ਪ੍ਰਤੀ ਦਿਨ 492.58 ਟਨ ਸੀ.ਬੀ.ਜੀ. ਪੈਦਾ ਕਰਨਗੇ ਤੇ ਇਨ੍ਹਾਂ ਵਿਚ ਸਾਲਾਨਾ ਲਗਪਗ 16.5 ਲੱਖ ਟਨ ਝੋਨੇ ਦੀ ਪਰਾਲੀ ਦੀ ਖ਼ਪਤ ਹੋਵੇਗੀ | ਇਸ ਤੋਂ ਇਲਾਵਾ ਇਨ੍ਹਾਂ ਸੀ.ਬੀ.ਜੀ. ਪਲਾਂਟਾਂ ਵਿਚ ਤਿਆਰ ਹੋਈ ਜੈਵਿਕ ਖਾਦ ਨੂੰ ਜੈਵਿਕ ਖੇਤੀ ਲਈ ਵਰਤਿਆ ਜਾਵੇਗਾ | ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਖੇਤੀ ਰਹਿੰਦ-ਖੂੰਹਦ ‘ਤੇ ਆਧਾਰਿਤ ਸੀ.ਬੀ.ਜੀ. ਪ੍ਰਾਜੈਕਟਾਂ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ.ਪੀ.ਸੀ.ਐਲ.) ਵਲੋਂ ਬਠਿੰਡਾ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਤੇ ਹੋਰ ਖੇਤੀ ਰਹਿੰਦ-ਖੂੰਹਦ ਉਤੇ ਆਧਾਰਤ ਪ੍ਰਤੀ ਦਿਨ 100 ਕੇ.ਐਲ. 2ਜੀ ਇਥਨੌਲ ਦੀ ਸਮਰੱਥਾ ਵਾਲਾ ਇਕ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਜੋ ਫਰਵਰੀ 2023 ਤੱਕ ਮੁਕੰਮਲ ਹੋ ਜਾਵੇਗਾ | ਇਹ ਪ੍ਰਾਜੈਕਟ ਸਾਲਾਨਾ ਤਕਰੀਬਨ 2 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਕਰੇਗਾ |

Add a Comment

Your email address will not be published. Required fields are marked *