ਗਾਇਕ ਕਰਨ ਔਜਲਾ ਦੀ ਬਾਲੀਵੁੱਡ ਇੰਡਸਟਰੀ ‘ਚ ਹੋਈ ਐਂਟਰੀ

ਜਲੰਧਰ : ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਜਿਸ ਮੁਕਾਮ ‘ਤੇ ਹਨ, ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਵਿਚਾਲੇ ਕਰਨ ਔਜਲਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕਰਨ ਔਜਲਾ ਦੀ ਬਾਲੀਵੁੱਡ ਇੰਡਸਟਰੀ ‘ਚ ਐਂਟਰੀ ਹੋ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਕਲਾਕਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਰਾਹੀਂ ਹੋਇਆ ਹੈ। ਆਖਿਰ ਉਸ ਪੋਸਟ ‘ਚ ਕੀ ਹੈ ਖ਼ਾਸ। 

ਖ਼ਬਰਾਂ ਮੁਤਾਬਕ, ਕਰਨ ਔਜਲਾ ਨੇ ਬਾਲੀਵੁੱਡ ਸੰਗੀਤ ਜਗਤ ‘ਚ ਐਂਟਰੀ ਕੀਤੀ ਹੈ। ਉਨ੍ਹਾਂ ਦਾ ਗੀਤ ਧਰਮਾ ਪ੍ਰੋਡਕਸ਼ਨ ਦੇ ਤਹਿਤ ਸ਼ੂਟ ਕੀਤਾ ਗਿਆ ਹੈ। ਉਨ੍ਹਾਂ ਦੇ ਗੀਤ ਨੂੰ ਫ਼ਿਲਮ ‘ਬੈਡ ਨਿਊਜ਼’ ‘ਚ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਫ਼ਿਲਮ ‘ਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਕਰਨ ਔਜਲਾ ਦਾ ਇਹ ਪਹਿਲਾ ਬਾਲੀਵੁੱਡ ਗੀਤ ਹੈ, ਜੋ ਪੰਜਾਬੀ ਫੈਨਜ਼ ਲਈ ਵੀ ਮਾਣ ਵਾਲੀ ਗੱਲ ਹੈ। ਇਸ ਗੀਤ ਨਾਲ, ਕਰਨ ਔਜਲਾ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੇ ਹਨ। 

ਦੱਸ ਦਈਏ ਕਿ ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ। 

ਦੱਸਣਯੋਗ ਹੈ ਕਿ ਕਰਨ ਔਜਲਾ ਦੀ ਨੈੱਟ ਵਰਥ ਯਾਨੀਕਿ ਜਾਇਦਾਦ ਦਾ ਗ੍ਰਾਫ਼ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਉੱਪਰ ਚੜ੍ਹਿਆ ਹੈ। ਉਹ ਛੋਟੀ ਉਮਰ ਵਿਚ ਹੀ ਸਫ਼ਲ ਗਾਇਕ ਬਣੇ ਪਰ ਇਹ ਸਫ਼ਲਤਾ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ। ਇੱਕ ਰਿਪੋਰਟ ਮੁਤਾਬਕ, ਸਾਲ  2022 ਵਿਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨੀਕਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ। ਉਨ੍ਹਾਂ ਦੀ ਮਹੀਨੇ ਦੀ ਆਮਦਨ 15 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 3 ਕਰੋੜ ਹੈ।

Add a Comment

Your email address will not be published. Required fields are marked *