ਜੌਹਨਸਨ ਐਂਡ ਜੌਹਨਸਨ ਦਾ ਬੇਬੀ ਪਾਊਡਰ 2023 ਤੋਂ ਹੋਵੇਗਾ ਬੰਦ
ਨਵੀਂ ਦਿੱਲੀ, 12 ਅਗਸਤ -ਅਮਰੀਕਾ ਅਧਾਰਿਤ ਜੌਹਨਸਨ ਐਂਡ ਜੌਹਨਸਨ ਕੰਪਨੀ ਆਪਣਾ ਬੇਬੀ ਟੈਲਕਮ ਪਾਊਡਰ ਬੰਦ ਕਰਨ ਜਾ ਰਹੀ ਹੈ | ਅਗਲੇ ਸਾਲ ਯਾਨੀ 2023 ਤੋਂ ਪੂਰੀ ਦੁਨੀਆ ‘ਚ ਕੰਪਨੀ ਬੇਬੀ ਟੈਲਕਮ ਪਾਊਡਰ ਨਹੀਂ ਵੇਚੇਗੀ | ਕੰਪਨੀ ਅਮਰੀਕਾ ਤੇ ਕੈਨੇਡਾ ‘ਚ ਪਹਿਲਾਂ ਹੀ ਟੈਲਕਮ ਪਾਊਡਰ ਵੇਚਣਾ ਬੰਦ ਕਰ ਚੁੱਕੀ ਹੈ | ਜੌਹਨਸਨ ਐਂਡ ਜੌਹਨਸਨ ਕੰਪਨੀ ਹੁਣ ਬਾਜ਼ਾਰ ‘ਚ ‘ਕੌਰਨ ਸਟਾਰਚ’ ਅਧਾਰਿਤ ਪਾਊਡਰ ਨੂੰ ਬਾਜ਼ਾਰ ‘ਚ ਉਤਾਰੇਗੀ | ਕੰਪਨੀ ਦੇ ਬੇਬੀ ਟੈਲਕਮ ਪਾਊਡਰ ਨੂੰ ਲੈ ਕੇ ਦੁਨੀਆ ਭਰ ‘ਚ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਦੀ ਵਰਤੋਂ ਨਾਲ ਕੈਂਸਰ ਦਾ ਖ਼ਤਰਾ ਰਹਿੰਦਾ ਹੈ | ਹਾਲਾਂਕਿ, ਜੌਹਨਸਨ ਐਂਡ ਜੌਹਨਸਨ ਦਾ ਦਾਅਵਾ ਹੈ ਕਿ ਇਹ ਪਾਊਡਰ ਸੁਰੱਖਿਅਤ ਹੈ ਪਰ ਕੈਂਸਰ ਦੇ ਖ਼ਤਰੇ ਦੀ ਜਾਣਕਾਰੀ ਸਾਹਮਣੇ ਆਉਣ ਨਾਲ ਇਸ ਦੀ ਵਿਕਰੀ ਪ੍ਰਭਾਵਿਤ ਹੋਈ ਹੈ | ਮੀਡੀਆ ਰਿਪੋਰਟ ਦੇ ਮੁਤਾਬਕ ਕੰਪਨੀ ਖ਼ਿਲਾਫ਼ 38 ਹਜ਼ਾਰ ਤੋਂ ਵੱਧ ਕੇਸ ਚਲ ਰਹੇ ਹਨ, ਜਿਸ ‘ਚ ਔਰਤਾਂ ਨੇ ਦਾਅਵਾ ਕੀਤਾ ਹੈ ਕਿ ਬੇਬੀ ਪਾਊਡਰ ਦੀ ਵਰਤੋਂ ਨਾਲ ‘ਓਵੇਰੀਅਨ’ ਕੈਂਸਰ ਹੋ ਗਿਆ | ਅਮਰੀਕਾ ‘ਚ ਰੈਗੂਲੇਟਰਸ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੰਪਨੀ ਦੇ ਬੇਬੀ ਪਾਊਡਰ ‘ਚ ਕੈਂਸਰ ਦੇ ਤੱਤ ਮਿਲੇ ਹਨ, ਜਦੋਂਕਿ ਕੰਪਨੀ ਇਨ੍ਹਾਂ ਦੋਸ਼ਾਂ ਨੂੰ ਹਮੇਸ਼ਾਂ ਨਿਰਅਧਾਰ ਦੱਸਦੀ ਰਹੀ ਹੈ |

