ਅਮਰੀਕਾ ‘ਚ ਤੂਫ਼ਾਨ ਨੇ ਧਾਰਿਆ ਭਿਆਨਕ ਰੂਪ
ਮੱਧ ਅਤੇ ਦੱਖਣੀ ਅਮਰੀਕਾ ਵਿੱਚ ਪਿਛਲੇ ਹਫ਼ਤੇ ਦੇ ਅੰਤ ਵਿੱਚ ਆਏ ਸ਼ਕਤੀਸ਼ਾਲੀ ਤੂਫਾਨਾਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਸ ਤੂਫ਼ਾਨ ਕਾਰਨ ਵੱਡੀ ਗਿਣਤੀ ਵਿਚ ਕਈ ਘਰ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ। ਇਸ ਦੇ ਨਾਲ ਹੀ ਸਾਰੇ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ। ਟੈਕਸਾਸ, ਓਕਲਾਹੋਮਾ, ਅਰਕਨਸਾਸ ਅਤੇ ਕੈਂਟਕੀ ਵਿੱਚ ਭਿਆਨਕ ਤੂਫਾਨ ਕਾਰਨ ਲੋਕਾਂ ਦੀ ਜਾਨ ਚਲੀ ਗਈ। ਦੱਖਣੀ ਟੈਕਸਾਸ ਤੋਂ ਫਲੋਰੀਡਾ ਤੱਕ ਤੇਜ਼ ਗਰਮੀ ਅਤੇ ਲੂ ਦੀ ਲਹਿਰ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ।
ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਸੋਮਵਾਰ ਤੋਂ ਬਾਅਦ ‘ਪੂਰਬੀ ਤੱਟ’ ‘ਚ ਮੌਸਮ ਖ਼ਰਾਬ ਹੋ ਸਕਦਾ ਹੈ ਅਤੇ ਛੁੱਟੀਆਂ ਮਨਾਉਣ ਗਏ ਲੱਖਾਂ ਲੋਕਾਂ ਨੂੰ ਮੌਸਮ ਦੇ ਮੱਦੇਨਜ਼ਰ ਉੱਥੋਂ ਵਾਪਸ ਪਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉੱਤਰੀ ਕੈਰੋਲੀਨਾ ਤੋਂ ਮੈਰੀਲੈਂਡ ਤੱਕ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੇਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਖ਼ਰਾਬ ਮੌਸਮ ਨੂੰ ਦੇਖਦੇ ਹੋਏ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ।
ਬੇਸ਼ੀਅਰ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਰਾਜ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਗਵਰਨਰ ਦੇ ਦਫ਼ਤਰ ਨੇ ਦੱਸਿਆ ਕਿ ਪੱਛਮੀ ਕੈਂਟਕੀ ਵਿੱਚ ਕੈਲਡਵੈਲ ਕਾਉਂਟੀ ਵਿੱਚ ਡਿੱਗੇ ਹੋਏ ਇਕ ਦਰੱਖ਼ਤ ਨੂੰ ਕੱਟਦੇ ਸਮੇਂ ਇੱਕ 54 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਨਾਲ ਸਬੰਧਤ ਘਟਨਾਵਾਂ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਕੁੱਕ ਕਾਉਂਟੀ ਵਿੱਚ ਸੱਤ ਅਤੇ ਅਰਕਨਸਾਸ ਵਿੱਚ ਅੱਠ ਸ਼ਾਮਲ ਹਨ। ਕੈਂਟਕੀ ਦੇ ਚਾਰਲਸਟਨ ਸ਼ਹਿਰ ਵਿੱਚ ਤੂਫ਼ਾਨ ਕਾਰਨ ਕਈ ਘਰ ਤਬਾਹ ਹੋ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਚਾਰਲਸਟਨ ਐਤਵਾਰ ਰਾਤ ਨੂੰ ਤੂਫਾਨ ਨਾਲ ਸਿੱਧਾ ਪ੍ਰਭਾਵਿਤ ਹੋਇਆ।