ਹੁਣ ਫਰਾਂਸ ‘ਚ ਵੀ TikTok ‘ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਇਸਤੇਮਾਲ

ਪੈਰਿਸ : ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਚੀਨੀ ਮੋਬਾਇਲ ਐਪ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।  ਫਰਾਂਸ ਚੀਨ ਦੀ ਮਾਲਕੀ ਵਾਲੇ ਵੀਡੀਓ ਸ਼ੇਅਰਿੰਗ ਐਪ ਟਿਕਟਾਕ ’ਤੇ ਪਾਬੰਦੀ ਲਾਵੇਗਾ। ਫਰਾਂਸ ਦੇ ਮੰਤਰੀ ਸਟਾਨਿਸਲਾਸ ਗੁਏਰਿਨੀ ਨੇ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਦੇ ਟਿਕਟਾਕ ਐਪ ਇਸਤੇਮਾਲ ’ਤੇ ਰੋਕ ਲਾਈ ਜਾਏਗੀ। ਉਨ੍ਹਾਂ ਟਵੀਟ ਕੀਤਾ, ‘‘ਸਾਈਬਰ ਸੁਰੱਖਿਆ ਦੀ ਗਾਰੰਟੀ ਲਈ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਫੋਨ ’ਤੇ ਟਿਕਟਾਕ ਵਰਗੇ ਐਪਸ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਸ਼ੁੱਕਰਵਾਰ ਨੂੰ ਟਿਕਟਾਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਨਵਾਂ ਦੇਸ਼ ਬਣ ਗਿਆ ਹੈ। ਚੀਨੀ ਮੋਬਾਇਲ ਐਪ ‘ਤੇ ਪਾਬੰਦੀ ਲੱਗਣ ਤੋਂ ਬਾਅਦ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਫੋਨ ‘ਤੇ ਇਸ ਮਨੋਰੰਜਕ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮਾਮਲੇ ‘ਚ ਤੇਜ਼ੀ ਉਸ ਸਮੇਂ ਆਈ ਜਦੋਂ ਟਿਕਟਾਕ ਦੇ ਸੀਈਓ ਸ਼ਾਅ ਚਿਊ ਅਮਰੀਕੀ ਸੰਸਦ ਵਿੱਚ ਪੇਸ਼ ਹੋਏ ਅਤੇ ਪਾਬੰਦੀ ਦੀ ਮੰਗ ਤੇਜ਼ ਹੋ ਗਈ। ਕੈਂਡੀ ਕ੍ਰਸ਼ ਵਰਗੀਆਂ ਗੇਮ ਐਪਸ, ਨੈੱਟਫਲਿਕਸ ਵਰਗੀਆਂ ਸਟ੍ਰੀਮਿੰਗ ਐਪਸ ਅਤੇ ਟਿਕਟਾਕ ਵਰਗੀਆਂ ਐਂਟਰਟੇਨਮੈਂਟ ਐਪਸ ਨੂੰ ਵੀ ਪਾਬੰਦੀਸ਼ੁਦਾ ਐਪਲੀਕੇਸ਼ਨਜ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕਈ ਦੇਸ਼ਾਂ ’ਚ ਟਿਕਟਾਕ ’ਤੇ ਪਾਬੰਦੀ ਲੱਗ ਚੁੱਕੀ ਹੈ। ਯੂਰਪੀਅਨ ਕਮਿਸ਼ਨ ਦੇ ਨਾਲ, ਨੀਦਰਲੈਂਡ, ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਹੁਣ ਫਰਾਂਸ ਦੀਆਂ ਸਰਕਾਰਾਂ ਨੇ TikTok ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪੇਈਚਿੰਗ ਵਿੱਚ ਕਮਿਊਨਿਸਟ ਸਰਕਾਰ ਨਾਲ ਲਿੰਕ ਹੋਣ ਦੇ ਡਰੋਂ ਕੰਮ ਦੇ ਡਿਵਾਈਸਾਂ ‘ਤੇ ਮੋਬਾਇਲ ਫੋਨ ਐਪਸ ਦੀ ਵਰਤੋਂ ਨਹੀਂ ਕਰ ਸਕਦੇ ਹਨ। ਭਾਰਤ ਨੇ ਵੀ ਗੋਪਨੀਅਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਮੈਸੇਜਿੰਗ ਐਪ ਵੀਚੈਟ ਸਮੇਤ ਟਿਕਟਾਕ ਅਤੇ ਦਰਜਨਾਂ ਹੋਰ ਚੀਨੀ ਐਪਸ ’ਤੇ ਪਾਬੰਦੀ ਲਾਈ ਹੋਈ ਹੈ। ਬ੍ਰਿਟੇਨ ਦੀ ਸੰਸਦ ਨੇ ਵੀ ਸੁਰੱਖਿਆ ਕਾਰਨਾਂ ਕਰਕੇ ਸਰਕਾਰੀ ਅਧਿਕਾਰੀਆਂ-ਕਰਮਚਾਰੀਆਂ ਦੇ ਟਿਕਟਾਕ ਦੀ ਵਰਤੋਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟਿਕਟਾਕ ਦੀ ਚੀਨੀ ਮੂਲ ਕੰਪਨੀ ਬਾਈਟਡਾਂਸ ਦੇ ਮਾਧਿਅਮ ਨਾਲ ਚੀਨੀ ਸਰਕਾਰ ਵੱਲੋਂ ਯੂਜ਼ਰਸ ਦੇ ਸਥਾਨ ਅਤੇ ਸੰਪਰਕ ਡਾਟਾ ਤੱਕ ਪੁੱਜਣ ਦੀ ਸਮਰੱਥਾ ਬਾਰੇ ਪਤਾ ਲੱਗਣ ਨਾਲ ਵਿਸ਼ਵ ਪੱਧਰ ’ਤੇ ਚਿੰਤਾਵਾਂ ਵਧ ਗਈਆਂ ਹਨ।

Add a Comment

Your email address will not be published. Required fields are marked *