ਨਾਬਾਲਗ ਨੇ ਵਿਅਕਤੀ ਨੂੰ ਬੋਨਟ ’ਤੇ ਬਿਠਾ ਚਲਾਈ BMW ਕਾਰ
May 28, 2024
ਠਾਣੇ – ਇਥੋਂ ਦੇ ਕਲਿਆਣ ਇਲਾਕੇ ’ਚ ਭੀੜ-ਭੜੱਕੇ ਵਾਲੀ ਸੜਕ ’ਤੇ ਇਕ ਨਾਬਾਲਗ ਵਲੋਂ ਬੋਨਟ ’ਤੇ ਇਕ ਵਿਅਕਤੀ ਨੂੰ ਲਿਟਾ ਕੇ ਬੀ. ਐੱਮ. ਡਬਲਿਊ. ਕਾਰ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸੋਮਵਾਰ ਦੱਸਿਆ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।
ਪੁਲਸ ਮੁਤਾਬਕ ਨਾਬਾਲਗ ਬਿਨਾਂ ਲਾਇਸੈਂਸ ਤੋਂ ਕਾਰ ਚਲਾ ਰਿਹਾ ਸੀ। ਇਹ ਘਟਨਾ ਪੁਣੇ ’ਚ ਇਕ ਨਾਬਾਲਗ ਵਲੋਂ ਪੋਰਸ਼ ਕਾਰ ਚਲਾ ਕੇ 2 ਆਈ. ਟੀ. ਪੇਸ਼ੇਵਰਾਂ ਨੂੰ ਕੁਚਲਣ ਤੋਂ ਬਾਅਦ ਸਾਹਮਣੇ ਆਈ ਹੈ। ਪੁਲਸ ਨੇ ਬੋਨਟ ’ਤੇ ਲੰਮੇ ਪਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਸ਼ੁਭਮ ਮਿੱਤਲ ਵਜੋਂ ਹੋਈ ਹੈ। ਕਾਰ ਚਲਾ ਰਹੇ 17 ਸਾਲਾ ਲੜਕੇ ਵਿਰੁੱਧ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।