ਸਵਾਤੀ ਮਾਲੀਵਾਲ ਨੇ ਹੁਣ ਯੂਟਿਊਬਰ ਧਰੁਵ ਰਾਠੀ ’ਤੇ ਲਾਏ ਗੰਭੀਰ ਦੋਸ਼

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਤਵਾਰ ਯੂਟਿਊਬਰ ਧਰੁਵ ਰਾਠੀ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਕਿ ਧਰੁਵ ਰਾਠੀ ਨੇ ਮੇਰੇ ਵਿਰੁੱਧ ਵੀਡੀਓ ਪੋਸਟ ਕੀਤਾ ਹੈ। ਇਸ ਕਾਰਨ ਮੈਨੂੰ ਜਬਰ-ਜ਼ਿਨਾਹ ਤੇ ਕਤਲ ਦੀਆਂ ਪਹਿਲਾਂ ਤੋਂ ਹੀ ਮਿਲ ਰਹੀਆਂ ਧਮਕੀਆਂ ਹੋਰ ਵੀ ਵੱਧ ਗਈਆਂ ਹਨ।

ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਮੇਰੀ ਪਾਰਟੀ ‘ਆਪ’ ਦੇ ਨੇਤਾਵਾਂ ਤੇ ਵਾਲੰਟੀਅਰਾਂ ਨੇ ਮੇਰੇ ਵਿਰੁੱਧ ਚਰਿੱਤਰਹਣਨ, ਭਾਵਨਾਵਾਂ ਨੂੰ ਭੜਕਾਉਣ ਤੇ ਮੈਨੂੰ ਸ਼ਰਮਿੰਦਾ ਕਰਨ ਲਈ ਮੇਰੇ ਵਿਰੁੱਧ ਮੁਹਿੰਮ ਚਲਾਈ ਹੈ, ਉਦੋਂ ਤੋਂ ਹੀ ਮੈਨੂੰ ਜਬਰ-ਜ਼ਿਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਯੂਟਿਊਬਰ ਧਰੁਵ ਰਾਠੀ ਵਲੋਂ ਮੇਰੇ ਖ਼ਿਲਾਫ਼ ਇਕਪਾਸੜ ਵੀਡੀਓ ਪੋਸਟ ਕਰਨ ਪਿੱਛੋਂ ਇਹ ਕੰਮ ਵੱਧ ਗਿਆ ਹੈ। ਉਸ ਵਰਗੇ ਲੋਕ ਆਪਣੇ ਆਪ ਨੂੰ ਆਜ਼ਾਦ ਪੱਤਰਕਾਰ ਹੋਣ ਦਾ ਦਾਅਵਾ ਕਰਦੇ ਹਨ। ਹਾਲਾਂਕਿ ਉਹ ‘ਆਪ’ ਦੇ ਬੁਲਾਰੇ ਵਾਂਗ ਕੰਮ ਕਰ ਰਹੇ ਹਨ।

ਧਰੁਵ ਰਾਠੀ ਨੇ 4 ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਕੇਜਰੀਵਾਲ ਦੇ ਪੀ. ਏ. ਬਿਭਵ ਕੁਮਾਰ ਤੇ ਸਵਾਤੀ ਮਾਲੀਵਾਲ ਵਿਚਾਲੇ ਕੁੱਟਮਾਰ ਦੇ ਮਾਮਲੇ ’ਤੇ ਵੀਡੀਓ ਪੋਸਟ ਕੀਤੀ ਸੀ। ਇਸ ’ਤੇ ਸਵਾਤੀ ਮਾਲੀਵਾਲ ਨੇ ਕਿਹਾ ਕਿ ਧਰੁਵ ਰਾਠੀ ਨੇ ਮੇਰਾ ਪੱਖ ਜਾਣੇ ਬਿਨਾਂ ਵੀਡੀਓ ਬਣਾਈ ਹੈ। ਸਵਾਤੀ ਨੇ ਆਪਣੀ ਪੋਸਟ ’ਚ ਲਿਖਿਆ, ‘‘ਜਿਥੋਂ ਤੱਕ ਪਾਰਟੀ ਦਾ ਸਵਾਲ ਹੈ, ਇਹ ਬਿਲਕੁਲ ਸਪੱਸ਼ਟ ਹੈ ਕਿ ਸ਼ਿਕਾਇਤ ਵਾਪਸ ਲੈਣ ਲਈ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਆਪਣਾ ਪੱਖ ਦੱਸਣ ਲਈ ਧਰੁਵ ਰਾਠੀ ਨਾਲ ਸੰਪਰਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰੀਆਂ ਕਾਲਾਂ ਤੇ ਸੰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

Add a Comment

Your email address will not be published. Required fields are marked *