ਮੈਕਡੋਨਲਡਸ ਤੇ KFC ਭੁਗਤ ਰਿਹੈ ਇਜ਼ਰਾਈਲ-ਹਮਾਸ ਜੰਗ ਦਾ ਖਮਿਆਜ਼ਾ

ਇਜ਼ਰਾਈਲ-ਹਮਾਸ ਜੰਗ ਦਾ ਅਸਰ ਮੈਕਡੋਨਲਡਸ ਤੇ ਕੇ. ਐੱਫ. ਸੀ. ਸਮੇਤ ਅਮਰੀਕੀ ਫਾਸਟ ਫੂਡ ਬ੍ਰਾਂਡਜ਼ ’ਤੇ ਵੀ ਵੇਖਿਆ ਜਾ ਰਿਹਾ ਹੈ। ਜੰਗ ਦੀ ਸਥਿਤੀ ਨੇ ਪੱਛਮੀ ਏਸ਼ੀਆ ’ਚ ਤਣਾਅ ਵਧਾ ਦਿੱਤਾ ਹੈ, ਜਿਸ ਨਾਲ ਫਿਲਸਤੀਨੀਆਂ ਲਈ ਸਮਰਥਨ ਵਧ ਗਿਆ ਹੈ। ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਖੇਤਰ ਦੇ ਕਈ ਮੁਸਲਮਾਨਾਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲ ਲਈਆਂ ਹਨ, ਜਿਸ ਨਾਲ ਅਮਰੀਕੀ ਪ੍ਰਚੂਨ ਵਿਕ੍ਰੇਤਾਵਾਂ ਤੋਂ ਫਾਸਟ ਫੂਡ ਦੀ ਮੰਗ ਘਟ ਗਈ ਹੈ। ਸੋਸ਼ਲ ਮੀਡੀਆ ’ਤੇ ਫੋਟੋਆਂ ਤੇ ਵੀਡੀਓ ਵਿਚ ਮੈਕਡੋਨਲਡਸ ਦੇ ਬਾਈਕਾਟ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਮੁਹਿੰਮ ਵਿਚ ਇਜ਼ਰਾਈਲ ’ਚ ਉਸ ਦੇ ਫ੍ਰੈਂਚਾਇਜ਼ੀ ਸਟੋਰ 7 ਅਕਤੂਬਰ ਦੇ ਹਮਲੇ ਤੋਂ ਬਾਅਦ ਦੇਸ਼ ਦੇ ਫੌਜੀਆਂ ਨੂੰ ਭੋਜਨ ਦਿੰਦੇ ਹੋਏ ਨਜ਼ਰ ਆ ਰਹੇ ਸਨ। ਉਸ ਤੋਂ ਬਾਅਦ ਬ੍ਰਾਂਡ ਦੀ ਸਾਊਦੀ ਅਰਬ ਫ੍ਰੈਂਚਾਇਜ਼ੀ ਨੇ ਫਿਲਸਤੀਨੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਬਿਆਨ ਜਾਰੀ ਕੀਤੇ ਅਤੇ ਗਾਜ਼ਾ ਰਾਹਤ ਯਤਨਾਂ ਲਈ 2 ਮਿਲੀਅਨ ਸਾਊਦੀ ਰਿਆਲ (5,33,248 ਡਾਲਰ) ਦਾ ਦਾਨ ਦਿੱਤਾ।

ਵੱਡੀ ਮੁਸਲਿਮ ਆਬਾਦੀ ਵਾਲੇ ਹੋਰ ਦੇਸ਼ਾਂ ਵਿਚ ਫ੍ਰੈਂਚਾਇਜ਼ੀ ਨੇ ਵੀ ਇਸ ਨੂੰ ਅਪਣਾਇਆ। ਕਈ ਕੰਪਨੀਆਂ ਨੇ ਆਪਣੀ ਸਿਆਸੀ ਨਿਰਪੱਖਤਾ ’ਤੇ ਜ਼ੋਰ ਦੇਣ ਲਈ ਜਨਤਕ ਬਿਆਨ ਜਾਰੀ ਕੀਤੇ। ਸ਼ਤਰੰਜ ਕੈਪੀਟਲ ਪਾਰਟਨਰਜ਼ ਦੇ ਸਹਿ-ਮੋਢੀ ਤੇ ਜਨਰਲ ਪਾਰਟਨਰ ਬ੍ਰੈਂਡਨ ਗੁਥਰੀ ਨੇ ਬਲੂਮਬਰਗ ਇੰਟੈਲੀਜੈਂਸ ਨਾਲ ਇਕ ਪੌਡਕਾਸਟ ਵਿਚ ਕਿਹਾ ਕਿ ਹਰ ਕੋਈ ਪ੍ਰਭਾਵਿਤ ਹੋਇਆ ਹੈ। ਇਹ ਕੁਝ ਅਜਿਹਾ ਹੈ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਨਹੀਂ ਕੀਤਾ, ਨਾ ਸਿਰਫ਼ ਪੱਛਮੀ ਬ੍ਰਾਂਡਜ਼, ਸਗੋਂ 7 ਅਕਤੂਬਰ ਦੇ ਸੰਘਰਸ਼ ਤੋਂ ਬਾਅਦ ਹਰ ਕੋਈ ਪ੍ਰਭਾਵਿਤ ਹੋਇਆ ਹੈ। ਮੈਕਡੋਨਲਡਸ ਤੇ ਸਟਾਰਬਕਸ ’ਤੇ ਪ੍ਰਭਾਵ ਕਾਫ਼ੀ ਜ਼ਿਆਦਾ ਸੀ, ਕਿਉਂਕਿ ਉਹ ਮਿਸਰ, ਜਾਰਡਨ ਤੇ ਮੋਰੱਕੋ ਦੇ ਸੰਪਰਕ ਵਿਚ ਸਨ।

ਹਾਲਾਂਕਿ ਮੈਕਡੋਨਲਡਸ ਨੇ ਇਹ ਨਹੀਂ ਦੱਸਿਆ ਕਿ ਚੌਥੀ ਤਿਮਾਹੀ ਦੌਰਾਨ ਇਨ੍ਹਾਂ ਬਾਈਕਾਟਾਂ ਨਾਲ ਕੰਪਨੀ ਨੂੰ ਕਿੰਨਾ ਨੁਕਸਾਨ ਹੋਇਆ। ਇਸ ਦੇ ਸੀ. ਈ. ਓ. ਕ੍ਰਿਸ਼ ਕੇਂਪਜ਼ਿੰਸਕੀ ਨੇ ਫਰਵਰੀ ਵਿਚ ਕਿਹਾ ਸੀ ਕਿ ਸਭ ਤੋਂ ਸਪਸ਼ਟ ਪ੍ਰਭਾਵ ਪੱਛਮੀ ਏਸ਼ੀਆ ਵਿਚ ਸੀ ਅਤੇ ਮੁਸਲਿਮ ਦੇਸ਼ਾਂ ’ਚ ਵੀ ਇਸ ਦਾ ਅਸਰ ਵੇਖਿਆ ਗਿਆ। ਇੰਡੋਨੇਸ਼ੀਆ ਤੇ ਮਲੇਸ਼ੀਆ, ਦੱਖਣ-ਪੂਰਬੀ ਏਸ਼ੀਆ ਵਿਚ ਕੇ. ਐੱਫ. ਸੀ. ਦੀਆਂ ਕੁਝ ਫ੍ਰੈਂਚਾਇਜ਼ੀ ਵੀ ਬਾਈਕਾਟ ਤੋਂ ਨਹੀਂ ਬਚ ਸਕੀਆਂ। ਮਲੇਸ਼ੀਆ ਵਿਚ 100 ਤੋਂ ਵੱਧ ਕੇ. ਐੱਫ. ਸੀ. ਆਊਟਲੈੱਟਸ ਨੂੰ ਆਰਜ਼ੀ ਤੌਰ ’ਤੇ ਬੰਦ ਕਰਨ ਲਈ ਮਜਬੂਰ ਕੀਤਾ ਗਿਆ।

Add a Comment

Your email address will not be published. Required fields are marked *