ਕੈਨੇਡਾ ‘ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ

ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਇਲਾਕੇ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਸੂਬਾਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਅਚਾਨਕ ਤਬਦੀਲੀ ਤੋਂ ਬਾਅਦ ਜ਼ਬਰਦਸਤੀ ਭਾਰਤ ਭੇਜਿਆ ਜਾ ਰਿਹਾ ਹੈ। ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਕਿਹਾ ਹੈ ਕਿ ਉਸ ਕੋਲ ਇਸ ਮੁੱਦੇ ‘ਤੇ ਕੋਈ ਰਿਪੋਰਟ ਜਾਂ ਅਪਡੇਟ ਨਹੀਂ ਹੈ। ਕੈਨੇਡਾ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਨੇ ਪ੍ਰਵਾਸੀਆਂ ਨੂੰ ਸੀਮਤ ਕਰਨ ਲਈ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਕੀਤਾ ਹੈ ਅਤੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਇਮੀਗ੍ਰੇਸ਼ਨ ਨਿਯਮਾਂ ਵਿੱਚ ਅਚਾਨਕ ਤਬਦੀਲੀ ਦਾ ਵਿਰੋਧ ਕਰ ਰਹੇ ਹਨ। 

ਹਾਲਾਂਕਿ, ਭਾਰਤ ਸਰਕਾਰ ਨੇ ਅਜਿਹੀ ਕੋਈ ਵੀ ਜਾਣਕਾਰੀ ਮਿਲਣ ਤੋਂ ਇਨਕਾਰ ਕੀਤਾ ਹੈ ਕਿ ਸੈਂਕੜੇ ਲੋਕਾਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਇਸ ਨੂੰ ਲੈ ਕੇ ਚੱਲ ਰਿਹਾ ਭਾਰਤੀ ਵਿਦਿਆਰਥੀਆਂ ਦਾ ਵਿਰੋਧ ਦੂਜੇ ਹਫ਼ਤੇ ਵਿਚ ਦਾਖ਼ਲ ਹੋ ਗਿਆ ਹੈ। ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਅਧਿਕਾਰਾਂ ਲਈ ਲੜਦੇ ਰਹਿਣਗੇ, ਕਿਉਂਕਿ ਇਹ ਹੁਣ ਜਾਂ ਕਦੇ ਨਹੀਂ ਵਾਲੀ ਸਥਿਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਵਿਖੇ ਪੜ੍ਹਾਈ ਲਈ ਜਾ ਰਹੇ ਹਨ। ਇਹ ਅੰਕੜਾ ਕਾਫ਼ੀ ਮਹੱਤਵਪੂਰਨ ਹੈ ਪਰ ਅਸੀਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਦੇ ਹੋਏ ਨਹੀਂ ਦੇਖਿਆ….ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇੱਕ ਮਾਮਲਾ ਇਥੇ ਹੋਵੇ ਅਤੇ ਇਕ ਮਾਮਲਾ ਉੱਥੇ ਪਰ ਜਿੱਥੋਂ ਤੱਕ ਕੈਨੇਡਾ ਵਿੱਚ ਵਿਦਿਆਰਥੀਆਂ ਦਾ ਸਵਾਲ ਹੈ, ਸਾਨੂੰ ਕੋਈ ਵੱਡੀ ਸਮੱਸਿਆ ਦਿਖਾਈ ਨਹੀਂ ਦੇ ਰਹੀ। ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੇ 23 ਮਈ ਨੂੰ ਇੱਕ ਅਸੈਂਬਲੀ ਮੀਟਿੰਗ ਬੁਲਾਈ ਹੈ, ਜੋ 175 ਰਿਚਮੰਡ ਸਟਰੀਟ, ਸ਼ਾਰਲੋਟਾਊਨ, ਪ੍ਰਿੰਸ ਐਡਵਰਡ ਆਈਲੈਂਡ, ਕੈਨੇਡਾ ਵਿਖੇ ਹੋਵੇਗੀ। ਕੈਨੇਡਾ ਦੇ ਇੱਕ ਸੂਬੇ ਪ੍ਰਿੰਸ ਐਡਵਰਡ ਆਈਲੈਂਡ ਨੇ ਹਾਲ ਹੀ ਵਿੱਚ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PNP) ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

Add a Comment

Your email address will not be published. Required fields are marked *