ਗੁੱਸੇ ‘ਚ ਆਇਆ ਵਿਦਿਆਰਥੀ, 7ਵੀਂ ਮੰਜ਼ਿਲ ਤੋਂ ਮਾਰ’ਤੀ ਛਾਲ

ਮੁੱਲਾਂਪੁਰ ਦਾਖਾ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਦੋਵਾਲ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਲਜ ‘ਚ ਇਕ ਵਿਦਿਆਰਥੀ ਨੂੰ ਨਕਲ ਮਾਰਦੇ ਹੋਏ ਅਧਿਆਪਕ ਵੱਲੋਂ ਫੜ ਲਿਆ ਤੇ ਪ੍ਰੀਖਿਆ ਕੇਂਦਰ ’ਚੋਂ ਬਾਹਰ ਕੱਢ ਦਿੱਤਾ। ਇਸ ’ਤੇ ਗੁੱਸੇ ’ਚ ਆਏ ਵਿਦਿਆਰਥੀ ਨੇ ਕਾਲਜ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਜਾਣਕਾਰੀ ਮੁਤਾਬਕ ਵਿਦਿਆਰਥੀ ਸ਼ਮਸ਼ੇਰ ਸਿੰਘ ਗਰੇਵਾਲ (20) ਪੁੱਤਰ ਦਲਜਿੰਦਰ ਸਿੰਘ ਗਰੇਵਾਲ ਵਾਸੀ ਅਹਿਮਦਗੜ੍ਹ ਬੀ. ਕਾਮ. ਫਸਟ ਈਅਰ ਦਾ ਵਿਦਿਆਰਥੀ ਸੀ। ਜਦੋਂ ਉਹ ਬੱਦੋਵਾਲ ਕਾਲਜ ’ਚ ਆਪਣੀ ਫਾਈਨਲ ਪ੍ਰੀਖਿਆ ਦੇ ਰਿਹਾ ਸੀ ਤਾਂ ਅਧਿਆਪਕ ਨੂੰ ਸ਼ੱਕ ਪਿਆ ਕਿ ਉਹ ਨਕਲ ਮਾਰ ਕੇ ਪੇਪਰ ਕਰ ਰਿਹਾ ਹੈ। ਜਦੋਂ ਉਸ ਦੀ ਜੁਮੈਟਰੀ ਚੈੱਕ ਕੀਤੀ ਤਾਂ ਉਸ ’ਚੋਂ ਪਰਚੀਆਂ ਨਿਕਲੀਆਂ।

ਅਧਿਆਪਕ ਵੱਲੋਂ ਨਕਲ ਮਾਰਨ ’ਤੇ ਉਸ ਨੂੰ ਪ੍ਰੀਖਿਆ ’ਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇਸੇ ਤਰ੍ਹਾਂ ਨਕਲ ਕਰੇਗਾ ਤਾਂ ਬਾਕੀ ਪੇਪਰਾਂ ਤੋਂ ਵੀ ਉਸ ਦੀ ਛੁੱਟੀ ਕਰ ਦਿੱਤੀ ਜਾਵੇਗੀ। ਨਕਲ ਮਾਰਨ ਨੂੰ ਲੈ ਕੇ ਅਧਿਆਪਕ ਨਾਲ ਬਹਿਸਬਾਜ਼ੀ ਵੀ ਹੋਈ। ਇਸ ਕਾਰਨ ਵਿਦਿਆਰਥੀ ਤੈਸ਼ ’ਚ ਆ ਗਿਆ ਅਤੇ ਉਸ ਨੇ ਕਾਲਜ ਦੀ 7ਵੀਂ ਮੰਜ਼ਿਲ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਤੇ ਇਲਾਜ ਅਧੀਨ ਉਸ ਨੇ ਦਮ ਤੋੜ ਦਿੱਤਾ।

ਥਾਣਾ ਦਾਖਾ ਦੇ ਏ.ਐੱਸ.ਆਈ. ਪਰਮਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਦਕਿ ਵਿਦਿਆਰਥੀ ਦੇ ਮਾਪੇ ਕਾਲਜ ਸਟਾਫ ’ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਮ੍ਰਿਤਕ ਵਿਦਿਆਰਥੀ ਸ਼ਮਸ਼ੇਰ ਸਿੰਘ ਗਰੇਵਾਲ ਦੇ ਪਿਤਾ ਦਲਜਿੰਦਰ ਸਿੰਘ ਗਰੇਵਾਲ ਕੋਲਕਾਤਾ ਵਿਖੇ ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਅਤੇ 1 ਸਾਲ ਪਹਿਲਾਂ ਹੀ ਮੰਡੀ ਅਹਿਮਦਗੜ੍ਹ ਆ ਕੇ ਵਸੇ ਸਨ।

Add a Comment

Your email address will not be published. Required fields are marked *