ਲੀਗ ਸਟੇਜ ਦਾ ਆਖ਼ਰੀ ਮੁਕਾਬਲਾ ਵੀ ਮੀਂਹ ਦੀ ਭੇਂਟ ਚੜ੍ਹਿਆ

ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਆਈ.ਪੀ.ਐੱਲ. ਦਾ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਜਾਣ ਵਾਲਾ ਮੁਕਾਬਲਾ ਬਾਰਿਸ਼ ਦੀ ਭੇਂਟ ਚੜ੍ਹ ਗਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਸ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। 

ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਰਾਜਸਥਾਨ ਤੇ ਕੋਲਕਾਤਾ ਦੋਵਾਂ ਨੂੰ ਹੀ 1-1 ਅੰਕ ਦੇ ਦਿੱਤਾ ਗਿਆ ਹੈ। ਹਾਲਾਂਕਿ ਇਸ ਮੁਕਾਬਲੇ ਤੋਂ ਪਹਿਲਾਂ ਹੀ ਇਹ ਦੋਵੇਂ ਟੀਮਾਂ ਪਲੇਆਫ਼ ‘ਚ ਕੁਆਲੀਫਾਈ ਕਰ ਚੁੱਕੀਆਂ ਸਨ, ਪਰ ਰਾਜਸਥਾਨ ਜੇਕਰ ਇਹ ਮੁਕਾਬਲਾ ਜਿੱਤ ਜਾਂਦੀ ਤਾਂ ਉਸ ਨੂੰ ਟਾਪ-2 ‘ਚ ਖੇਡਣ ਦਾ ਮੌਕਾ ਮਿਲਣਾ ਸੀ, ਜਿਸ ਕਾਰਨ ਉਸ ਨੂੰ ਫਾਈਨਲ ‘ਚ ਪਹੁੰਚਣ ਲਈ 2 ਮੌਕੇ ਮਿਲ ਜਾਣੇ ਸਨ।

ਪਰ ਹੁਣ ਉਨ੍ਹਾਂ ਨੂੰ ਤੀਜੇ ਸਥਾਨ ‘ਤੇ ਰਹਿ ਕੇ ਸਬਰ ਕਰਨਾ ਪਿਆ ਹੈ ਤੇ ਉਨ੍ਹਾਂ ਨੂੰ ਹੁਣ ਐਲੀਮਿਨੇਟਰ ਦੇ ‘ਕਰੋ ਜਾਂ ਮਰੋ’ ਮੁਕਾਬਲੇ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਭਿੜਨਾ ਪਵੇਗਾ, ਜੋ ਕਿ ਲਗਾਤਾਰ 6 ਮੁਕਾਬਲੇ ਜਿੱਤ ਕੇ ਇੱਥੇ ਤੱਕ ਪਹੁੰਚੀ ਹੈ। ਇਸ ਤੋਂ ਇਲਾਵਾ ਕੋਲਕਾਤਾ ਨੂੰ ਇਸ ਮੈਚ ਦੇ ਨਤੀਜੇ ਨਾਲ ਕੋਈ ਫ਼ਰਕ ਨਹੀਂ ਪਿਆ, ਕਿਉਂਕਿ ਸਭ ਤੋਂ ਵੱਧ ਅੰਕ ਹੋਣ ਕਾਰਨ ਉਸ ਦਾ ਪੁਆਇੰਟ ਟੇਬਲ ‘ਚ ਪਹਿਲੇ ਸਥਾਨ ‘ਤੇ ਰਹਿਣਾ ਤੈਅ ਸੀ। ਉਹ ਹੁਣ ਹੈਦਰਾਬਾਦ ਨਾਲ ਪਹਿਲਾ ਕੁਆਲੀਫਾਇਰ ਖੇਡੇਗੀ। ਜ਼ਿਕਰਯੋਗ ਹੈ ਕਿ ਇਹ ਲੀਗ ਸਟੇਜ ਦਾ ਆਖ਼ਰੀ ਮੁਕਾਬਲਾ ਸੀ। ਪਿਛਲੇ ਦਿਨੀਂ ਕਈ ਮੁਕਾਬਲੇ ਮੀਂਹ ਕਾਰਨ ਜਾਂ ਤਾਂ ਦੇਰੀ ਨਾਲ ਸ਼ੁਰੂ ਹੋਏ ਸਨ ਤੇ ਜਾਂ ਫਿਰ ਰੱਦ ਕਰਨੇ ਪਏ ਸਨ। ਅਜਿਹੇ ‘ਚ ਹੁਣ ਅੱਗੇ ਆਉਣ ਵਾਲੇ ਪਲੇਆਫ਼ ਮੁਕਾਬਲਿਆਂ ‘ਚ ਵੀ ਮੌਸਮ ਅਹਿਮ ਰੋਲ ਅਦਾ ਕਰ ਸਕਦਾ ਹੈ। 

Add a Comment

Your email address will not be published. Required fields are marked *