ਇਟਲੀ ਦੇ ਕਈ ਸੂਬਿਆਂ ‘ਚ ਕੁਦਰਤ ਦੀ ਤਬਾਹੀ

ਰੋਮ: ਇਟਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਇਟਲੀ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਨੇ ਪਿਛਲੇ 170 ਸਾਲਾਂ ਦਾ ਰਿਕਾਰਡ ਤੋੜਿਆ ਹੈ। ਜਿਸ ਨਾਲ ਇਟਲੀ ਦੇ ਸੂਬਾ ਲੰਬਰਦੀਆ, ਵੇਨੇਤੋ ਅਤੇ ਇਮੀਲੀਆ ਰੋਮਾਨਾ ਦਾ ਜਨਜੀਵਤ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਰਿਸ਼ ਨਾਲ ਕਈ ਸੜਕਾਂ ‘ਤੇ ਹੜ੍ਹ ਵਾਂਗ ਪਾਣੀ ਭਰ ਗਿਆ। ਇਕ ਇਲਾਕੇ ਦੇ ਘਰਾਂ ਵਿੱਚ ਵੀ ਪਾਣੀ ਦੇ ਨਾਲ ਸਮੁੰਦਰ ਦੀਆਂ ਮੱਛੀਆਂ ਦੇ ਆਉਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ।

ਮੀਂਹ ਦਾ ਪਾਣੀ ਸਕੂਲਾਂ ਵਿੱਚ ਵੀ ਵੜ ਜਾਣ ਦੀ ਖ਼ਬਰਾਂ ਸਾਹਮਣੇ ਆਈਆ ਹਨ। ਪ੍ਰਸ਼ਾਸ਼ਨ ਦੁਆਰਾ ਬੜੀ ਮੁਸਤੈਦੀ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਲੰਬਾਰਦੀਆਂ ਅਤੇ ਹੋਰ ਸੂਬਿਆ ਦੀਆਂ ਨਦੀਆ ਵਿੱਚ ਪਾਣੀ ਦਾ ਵਹਾਅ ਕਾਫੀ ਵੱਧਿਆ ਹੋਇਆ ਹੈ। ਜੋ ਕਿ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕੀਆਂ ਹਨ।   ਇਟਲੀ ਦੇ ਮੁੱਖ ਹਾਈਵੇਅ ਏ-4 ‘ਤੇ ਵੀ ਕਈ ਜਗ੍ਹਾ ਪਾਣੀ ਭਰਿਆ ਦੇਖਿਆ ਗਿਆ। ਇਸ ਹੜ੍ਹ ਵਰਗੇ ਹਾਲਾਤ ਵਿੱਚ ਭਾਵੇਂ  ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆ ਕੇ ਹੈਲੀਕਾਪਟਰ ਅਤੇ ਐਂਬੂਲੈਂਸਾਂ ਦੇ ਨਾਲ ਪੁੱਜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਪਰ ਲੋਕ ਫਿਰ ਵੀ ਘਬਰਾਏ ਹੋਏ ਦੇਖੇ ਜਾ ਰਹੇ ਹਨ।

ਇਸ ਭਾਰੀ ਮੀਂਹ ਨਾਲ ਲੋਕਾਂ ਦੇ ਘਰਾਂ ਤੇ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਲੋਕਾ ਇਨ੍ਹਾਂ ਹਾਲਾਤ ਨਾਲ ਜੂਝਦੇ ਨਜਰ ਆ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਇਸੇ ਤਰਾਂ ਜਾਰੀ ਰਿਹਾ, ਲੋਕਾਂ ਦੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਕੋਰੋਨਾ ਮਹਾਮਾਰੀ ਨੇ ਇਟਲੀ ਨੂੰ ਬੁਰੀ ਤਰਾਂ ਝੰਬਿਆ ਹੈ, ਉੱਥੇ ਹੀ ਆਏ ਦਿਨ ਆਉਂਦੇ ਛੋਟੇ-ਛੋਟੇ ਭੁਚਾਲ ਦੇ ਝਟਕੇ, ਖਰਾਬ ਮੌਸਮ ਦਾ ਸਾਹਮਣਾ ਇਟਲੀ ਦੇ ਬਾਸ਼ਿੰਦਿਆਂ ਨੂੰ ਕਈ ਵਾਰ ਕਰਨਾ ਪਿਆ ਹੈ। ਇਸ ਭਾਰੀ ਮੀਂਹ ਕਾਰਨ ਇਟਲੀ ਦੇ ਕਈ ਇਲਾਕੇ ਮੌਸਮ ਵਿਭਾਗ ਨੇ ਪੀਲੇ ਖ਼ਤਰੇ ਦੇ ਨਿਸ਼ਾਨ ਵਿੱਚ ਐਲਾਨ ਦਿੱਤੇ ਹਨ ਜਿੱਥੇ ਕਿ ਜੇਕਰ ਭਾਰੀ ਮੀਂਹ ਦੁਬਾਰਾ ਪੈ ਜਾਂਦਾ ਹੈ ਤਾਂ ਹੜ੍ਹ ਆ ਸਕਦਾ ਹੈ ਕਿਉਂਕਿ ਨਦੀਆਂ ਦੇ ਕਿਨਾਰੇ ਤੇਜ ਪਾਣੀ ਦੇ ਵਹਾਅ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਹੋਏ ਹਨ।

Add a Comment

Your email address will not be published. Required fields are marked *