ਕੰਗਨਾ ਰਣੌਤ ਕੋਲ 91 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਸ ਨਾਲ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ, ਪ੍ਰਦੇਸ਼ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਵੀ ਮੌਜੂਦ ਸਨ। ਇਸ ਦੌਰਾਨ ਕੰਗਨਾ ਨੇ ਕਿਹਾ ਕਿ ਮੰਡੀ ਦੇ ਲੋਕ ਅਤੇ ਮੇਰੇ ਪ੍ਰਤੀ ਉਨ੍ਹਾਂ ਦਾ ਪਿਆਰ ਮੈਨੂੰ ਇਥੇ ਲੈ ਕੇ ਆਇਆ ਹੈ। ਸਾਡੇ ਦੇਸ਼ ਦੀਆਂ ਔਰਤਾਂ ਹਰ ਖੇਤਰ ਵਿਚ ਆਪਣੀ ਪਛਾਣ ਬਣਾ ਰਹੀਆਂ ਹਨ ਪਰ ਕੁਝ ਸਾਲ ਪਹਿਲਾਂ ਤੱਕ ਮੰਡੀ ਵਿਚ ਭਰੂਣ ਹੱਤਿਆ ਦੇ ਮਾਮਲੇ ਬਹੁਤ ਜ਼ਿਆਦਾ ਹੁੰਦੇ ਸਨ। ਪਰ ਅੱਜ ਮੰਡੀ ਦੀਆਂ ਔਰਤਾਂ ਫੌਜ, ਸਿੱਖਿਆ ਅਤੇ ਰਾਜਨੀਤੀ ਵਿਚ ਹਨ। ਕੰਗਨਾ ਨੇ ਅੱਗੇ ਕਿਹਾ ਕਿ ਅੱਜ ਮੈਂ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ।

ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਮੰਡੀ ਤੋਂ ਚੋਣ ਲੜਨ ਦਾ ਮੌਕਾ ਮਿਲਿਆ, ਮੈਂ ਬਾਲੀਵੁੱਡ ਵਿਚ ਸਫਲ ਰਹੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਸਿਆਸਤ ਵਿਚ ਵੀ ਸਫਲ ਹੋਵਾਂਗੀ। ਕਾਂਗਰਸ ਬਾਰੇ ਕੰਗਣਾ ਨੇ ਕਿਹਾ ਕਿ ਕਾਂਗਰਸ ਦੀ ਦੇਸ਼ ਵਿਰੋਧੀ ਮਾਨਸਿਕਤਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਕੰਗਨਾ ਦੇ ਨਾਲ ਉਨ੍ਹਾਂ ਦੀ ਮਾਂ ਆਸ਼ਾ ਰਣੌਤ ਅਤੇ ਭੈਣ ਰੰਗੋਲੀ ਵੀ ਮੌਜੂਦ ਸਨ। ਬੇਟੀ ਦੇ ਰਾਜਨੀਤੀ ’ਚ ਆਉਣ ’ਤੇ ਉਸ ਦੀ ਮਾਂ ਨੇ ਕਿਹਾ ਕਿ ਲੋਕ ਇੱਥੇ ਕੰਗਨਾ ਦਾ ਸਮਰਥਨ ਕਰਨ ਆਏ ਹਨ, ਅਸੀਂ ਜ਼ਰੂਰ ਜਿੱਤਾਂਗੇ। ਉਸਨੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ ਅਤੇ ਭਵਿੱਖ ਵਿਚ ਵੀ ਕਰੇਗੀ।

ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ 91 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੀ ਮਾਲਕਣ ਹੈ। ਕੰਗਨਾ ਨੇ ਮੰਗਲਵਾਰ ਨੂੰ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਭਰਦੇ ਸਮੇਂ ਦਿੱਤੇ ਹਲਫਨਾਮੇ ’ਚ ਇਹ ਜਾਣਕਾਰੀ ਦਿੱਤੀ ਹੈ। ਕੰਗਨਾ ਨੇ ਇਸ ਹਲਫਨਾਮੇ ’ਚ ਆਪਣੀ ਵਿਦਿਅਕ ਯੋਗਤਾ 12ਵੀਂ ਪਾਸ ਦੱਸੀ ਹੈ, ਹਲਫਨਾਮੇ ਮੁਤਾਬਕ ਕੋਲ ਲੱਗਭਗ 91,66,31,239 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਸ ਵਿਚ ਚੱਲ ਜਾਇਦਾਦ 28,73,44,239.36 ਕਰੋੜ ਰੁਪਏ ਹੈ। ਕੰਗਨਾ ਰਣੌਤ ਕੋਲ ਇਕ ਬੀ. ਐੱਮ. ਡਬਲਯੂ. ਅਤੇ ਇਕ ਮਰਸਡੀਜ਼ ਬੈਂਜ਼ ਕਾਰ ਹੈ। ਇਸ ਤੋਂ ਇਲਾਵਾ ਕੰਗਨਾ 3.91 ਕਰੋੜ ਰੁਪਏ ਦੀ ਕੀਮਤ ਦੀ ਮਰਸੀਡੀਜ਼-ਮੇਬੈਕ ਜੀ. ਐੱਲ. ਐੱਸ. 600 4ਐੱਮ ਦੀ ਵੀ ਮਾਲਕਣ ਹੈ।

ਕੰਗਨਾ ਕੋਲ 5 ਕਰੋੜ ਦੀ ਕੀਮਤ ਦੇ 6.70 ਕਿਲੋ ਸੋਨੇ ਦੇ ਗਹਿਣੇ, 50 ਲੱਖ ਰੁਪਏ ਦੀ 60 ਕਿਲੋ ਚਾਂਦੀ ਅਤੇ 3 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਹਨ। ਕੰਗਨਾ ਕੋਲ 62,92,87,000 ਕਰੋੜ ਰੁਪਏ ਦੀ ਮੌਜੂਦਾ ਬਾਜ਼ਾਰ ਮੁੱਲ ਦੀ ਅਚੱਲ ਜਾਇਦਾਦ ਹੈ। ਇਸ ਵਿਚ ਮੁੰਬਈ ਅਤੇ ਮਨਾਲੀ ਵਿਚ ਮਕਾਨ, ਜ਼ੀਰਕਪੁਰ ਵਿਚ ਵਪਾਰਕ ਇਮਾਰਤ ਅਤੇ ਹੋਰ ਅਚੱਲ ਜਾਇਦਾਦਾਂ ਸ਼ਾਮਲ ਹਨ। ਕੰਗਨਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ 3 ਕੇਸਾਂ ਸਮੇਤ ਕੁੱਲ 8 ਮਾਮਲੇ ਦਰਜ ਹਨ।

Add a Comment

Your email address will not be published. Required fields are marked *