ਦਿਲਜੀਤ ਦੋਸਾਂਝ ਨੇ ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ 

ਸ਼ਨੀਵਾਰ ਤੜਕਸਾਰ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ ਸੁਰਜੀਤ ਪਾਤਰ ਦਾ ਦਿਹਾਂਤ ਹੋ ਗਿਆ ਹੈ। ਪਦਮਸ਼੍ਰੀ ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਲੁਧਿਆਣਾ ਵਿਚ ਆਖ਼ਰੀ ਸਾਹ ਲਏ। ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਬਾਜੇਬ, ਸੁਰ ਜ਼ਮੀਨ, ਬ੍ਰਿਖ ਅਰਜ ਕਰੇ, ਹਨੇਰੇ ਵਿਚ ਸੁਲਗਦੀ ਵਰਣਮਾਲਾ ਸ਼ਾਮਲ ਹਨ। 

ਉਨ੍ਹਾਂ ਦਾ ਇਸ ਦੁਨੀਆਂ ਨੂੰ ਛੱਡ ਜਾਣਾ ਸਾਹਿਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ। ਮਸ਼ਹੂਰ ਕਵੀ ਦੇ ਦਿਹਾਂਤ ਦੀ ਖ਼ਬਰ ਸੁਣ ਪੰਜਾਬੀ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੌਰਾਨ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਇਕ ਪੋਸਟ ਸਾਂਝੀ ਕਰਦਿਆਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਪੋਸਟ ਨਾਲ ਉਨ੍ਹਾਂ ਨੇ ਲਿਖਿਆ ਸੀ, ”ਓ…ਵਾਹਿਗੁਰੂ…।”

ਜਲੰਧਰ ਦੇ ਪਿੰਡ ਪਾਤੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਦਾ ਸਾਹਿਤ ਦੇ ਖੇਤਰ ਨੂੰ ਬਹੁਤ ਵੱਡਾ ਯੋਗਦਾਨ ਹੈ। ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ। ਉਸ ਮਗਰੋਂ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਸੇਵਾਮੁਕਤ ਹੋਏ। ਸੁਰਜੀਤ ਪਾਤਰ ਨੂੰ  2012 ‘ਚ ਪਦਮਸ਼੍ਰੀ ਐਵਾਰਡ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਨੂੰ 1979 ਵਿਚ ਪੰਜਾਬ ਸਾਹਿਤ ਅਕਾਦਮੀ ਐਵਾਰਡ, 1993 ਵਿਚ ਸਾਹਿਤ ਅਕਾਦਮੀ ਐਵਾਰਡ, 1999 ਵਿਚ ਪੰਚਾਨੰਦ ਐਵਾਰਡ, 2007 ਵਿਚ ਆਨੰਦ ਕਾਵ ਸਨਮਾਨ, 2009 ਵਿਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Add a Comment

Your email address will not be published. Required fields are marked *