ਇੰਤਜ਼ਾਰ ਖ਼ਤਮ! 29 ਜੂਨ ਨੂੰ ਰਿਲੀਜ਼ ਹੋਵੇਗੀ ‘ਕੈਰੀ ਆਨ ਜੱਟਾ 3’

ਚੰਡੀਗੜ੍ਹ – ਇਹ ਗੱਲ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ‘ਕੈਰੀ ਆਨ ਜੱਟਾ’ ਫ਼ਿਲਮ ਪੰਜਾਬੀ ਸਿਨੇਮਾ ’ਚ ਕੀ ਮੁਕਾਮ ਰੱਖਦੀ ਹੈ। ਨਾਲ ਹੀ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ‘ਕੈਰੀ ਆਨ ਜੱਟਾ’ ਨੇ ਪਾਲੀਵੁੱਡ ’ਚ ਕਾਮੇਡੀ ਫ਼ਿਲਮਾਂ ਦੇ ਦੌਰ ਨੂੰ ਮੁੜ ਸੁਰਜੀਤ ਕੀਤਾ ਹੈ।

ਸਾਲ 2012 ’ਚ ਰਿਲੀਜ਼ ਹੋਈ ਫ਼ਿਲਮ ‘ਕੈਰੀ ਆਨ ਜੱਟਾ’ ਨੇ ਹਰ ਕਿਸੇ ਦੇ ਦਿਲ ਨੂੰ ਛੂਹਿਆ ਸੀ। ਸਿਨੇਮਾਘਰਾਂ ’ਚ ਦੇਖਣ ਤੋਂ ਬਾਅਦ ਅੱਜ ਵੀ ਇਸ ਫ਼ਿਲਮ ਨੂੰ ਲੋਕ ਘਰਾਂ ’ਚ ਆਪਣੀ ਟੀ. ਵੀ. ਸਕ੍ਰੀਨ ’ਤੇ ਦੇਖਣਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਸਾਲ 2018 ’ਚ ਫ਼ਿਲਮ ਦਾ ਦੂਜਾ ਭਾਗ ‘ਕੈਰੀ ਆਨ ਜੱਟਾ 2’ ਰਿਲੀਜ਼ ਹੋਇਆ, ਜਿਸ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ। ਹੁਣ ਫ਼ਿਲਮ ਦਾ ਤੀਜਾ ਭਾਗ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ‘ਕੈਰੀ ਆਨ ਜੱਟਾ 3’ ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਗਿੱਪੀ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਸਟਾਰ ਕਾਸਟ ਪਹਿਲਾਂ ਵਾਂਗ ਬੇਹੱਦ ਵੱਡੀ ਹੈ। ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਸ਼ਿੰਦਾ ਗਰੇਵਾਲ, ਕਵਿਤਾ ਕੌਸ਼ਿਕ, ਨਸੀਰ ਚਿਨੌਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਵਰਗੇ ਸ਼ਾਨਦਾਰ ਸਿਤਾਰੇ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਂਦੇ ਨਜ਼ਰ ਆਉਣਗੇ।

Add a Comment

Your email address will not be published. Required fields are marked *