ਪ੍ਰਧਾਨ ਮੰਤਰੀ ਮੋਦੀ ਨੇ ਸੁਸ਼ੀਲ ਮੋਦੀ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਨੂੰ ਪਾਸ ਕਰਵਾਉਣ ‘ਚ ਉਨ੍ਹਾਂ ਦੀ ਸਰਗਰਮ ਭੂਮਿਕਾ ਹਮੇਸ਼ਾ ਰਹੇਗੀ। ਸੁਸ਼ੀਲ ਮੋਦੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਸੋਮਵਾਰ 13 ਮਈ ਦੀ ਰਾਤ ਉਨ੍ਹਾਂ ਦੀ ਮੌਤ ਹੋ ਗਈ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਪਾਰਟੀ ਵਿੱਚ ਮੇਰੇ ਕੀਮਤੀ ਸਹਿਯੋਗੀ ਅਤੇ ਦਹਾਕਿਆਂ ਤੋਂ ਮੇਰੇ ਦੋਸਤ ਸੁਸ਼ੀਲ ਮੋਦੀ ਜੀ ਦੇ ਬੇਵਕਤੀ ਦਿਹਾਂਤ ਤੋਂ ਬਹੁਤ ਦੁਖੀ ਹਾਂ।” ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਭਾਜਪਾ ਦੇ ਉਭਾਰ ਅਤੇ ਇਸ ਦੀਆਂ ਸਫ਼ਲਤਾਵਾਂ ਵਿੱਚ ਉਨ੍ਹਾਂ ਦਾ ਅਮੁੱਲ ਯੋਗਦਾਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਦਾ ਸਖ਼ਤ ਵਿਰੋਧ ਕਰਕੇ, ਉਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਵਿੱਚ ਆਪਣੇ ਲਈ ਇੱਕ ਸਥਾਨ ਬਣਾ ਲਿਆ ਸੀ ਅਤੇ ਇੱਕ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਵਿਧਾਇਕ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ, “ਰਾਜਨੀਤੀ ਨਾਲ ਜੁੜੇ ਮੁੱਦਿਆਂ ਬਾਰੇ ਉਨ੍ਹਾਂ ਦੀ ਸਮਝ ਬਹੁਤ ਡੂੰਘੀ ਸੀ। ਉਨ੍ਹਾਂ ਨੇ ਇੱਕ ਪ੍ਰਸ਼ਾਸਕ ਵਜੋਂ ਵੀ ਬਹੁਤ ਸ਼ਲਾਘਾਯੋਗ ਕੰਮ ਕੀਤੇ। ਜੀਐਸਟੀ ਨੂੰ ਪਾਸ ਕਰਵਾਉਣ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।

Add a Comment

Your email address will not be published. Required fields are marked *