ਕੋਲਕਾਤਾ ਸਾਹਮਣੇ ਗੁਜਰਾਤ ਲਈ ਭਲਕੇ ‘ਕਰੋ ਜਾਂ ਮਰੋ’ ਦਾ ਮੁਕਾਬਲਾ

ਅਹਿਮਦਾਬਾਦ – ਕਪਤਾਨ ਸ਼ੁਭਮਨ ਗਿੱਲ ਦੀ ਫਾਰਮ ਵਿਚ ਵਾਪਸੀ ਤੋਂ ਉਤਸ਼ਾਹਿਤ ਗੁਜਰਾਤ ਟਾਈਟਨਸ ਨੂੰ ਜੇਕਰ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦੇ ਰੱਖਣਾ ਹੈ ਤਾਂ ਉਸ ਨੂੰ ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਰੁੱਧ ਸੋਮਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ।

ਗਿੱਲ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਪਿਛਲੇ ਮੈਚ ਵਿਚ ਸੈਂਕੜਾ ਲਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਆਈ. ਪੀ. ਐੱਲ. ਵਿਚ ਉਸਦਾ ਚੌਥਾ ਸੈਂਕੜਾ ਸੀ। ਉਸ ਤੋਂ ਇਲਾਵਾ ਸਾਈ ਸੁਦਰਸ਼ਨ ਨੇ ਵੀ ਸੈਂਕੜਾ ਲਾਇਆ। ਪਲੇਅ ਆਫ ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਕੇ. ਕੇ. ਆਰ. ਵਿਰੁੱਧ ਇਨ੍ਹਾਂ ਦੋਵਾਂ ਦਾ ਪ੍ਰਦਰਸ਼ਨ ਟਾਈਟਨਸ ਲਈ ਕਾਫੀ ਮਾਇਨੇ ਰੱਖੇਗਾ। ਅਜੇ ਸੱਤ ਟੀਮਾਂ ਪਲੇਅ ਆਫ ਦੀ ਦੌੜ ਵਿਚ ਬਣੀਆਂ ਹੋਈਆਂ ਹਨ। ਇਹ ਹਾਲਾਂਕਿ ਤੈਅ ਹੈ ਕਿ ਟਾਈਟਨਸ ਦੀ ਟੀਮ ਅਗਰ-ਮਗਰ ਦੇ ਸਮੀਕਰਣ ਵਿਚ ਬਣੇ ਰਹਿਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੇਗੀ।

ਟਾਈਟਨਸ ਦੇ ਗੇਂਦਬਾਜ਼ ਇਸ ਸੈਸ਼ਨ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸਦੇ ਤੇਜ਼ ਗੇਂਦਬਾਜ਼ਾਂ ਵਿਚ ਨਿਰੰਤਰਤਾ ਦੀ ਘਾਟ ਹੈ ਜਦਕਿ ਸਪਿਨਰ ਦੌੜਾਂ ਦੇ ਰਹੇ ਹਨ। ਚੇਨਈ ਵਿਰੁੱਧ ਪਿਛਲੇ ਮੈਚ ਵਿਚ ਹਾਲਾਂਕਿ ਉਸ ਨੇ ਪਹਿਲੇ ਤਿੰਨ ਓਵਰਾਂ ਵਿਚ ਹੀ 3 ਵਿਕਟਾਂ ਹਾਸਲ ਕਰ ਲਈਆਂ ਸਨ। ਤਜਰਬੇਕਾਰ ਮੋਹਿਤ ਸ਼ਰਮਾ ਤੇ ਰਾਸ਼ਿਦ ਖਾਨ ਦਾ ਗੇਂਦਬਾਜ਼ੀ ਵਿਚ ਪ੍ਰਦਰਸ਼ਨ ਟੀਮ ਲਈ ਕਾਫੀ ਮਾਇਨੇ ਰੱਖੇਗਾ। ਬੱਲੇਬਾਜ਼ੀ ਵਿਚ ਟਾਈਟਨਸ ਦੇ ਚੋਟੀਕ੍ਰਮ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਪਿਛਲੇ ਮੈਚ ਨੂੰ ਛੱਡ ਕੇ ਬਾਕੀ ਮੈਚਾਂ ਵਿਚ ਉਸਦੇ ਚੋਟੀ ਦੇ ਬੱਲੇਬਾਜ਼ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਗਿੱਲ ਤੇ ਸੁਦਰਸ਼ਨ ਨੇ ਪਿਛਲੇ ਮੈਚ ਵਿਚ ਪਹਿਲੀ ਵਿਕਟ ਲਈ 210 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਸੀ।

ਜਿੱਥੋਂ ਤਕ ਕੇ. ਕੇ. ਆਰ. ਦਾ ਸਵਾਲ ਹੈ ਤਾਂ ਉਹ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਉਸ ਨੂੰ ਟਾਪ-2 ਦੀਆਂ ਦੋ ਟੀਮਾਂ ਵਿਚ ਬਣੇ ਰਹਿਣ ਲਈ ਬਾਕੀ ਬਚੇ ਮੈਚਾਂ ਵਿਚੋਂ ਸਿਰਫ ਇਕ ਜਿੱਤ ਦੀ ਲੋੜ ਹੈ। ਕੇ. ਕੇ. ਆਰ. ਨੇ ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾ ਕੇ ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ।

Add a Comment

Your email address will not be published. Required fields are marked *