ਰੋਡ ਸ਼ੋਅ ‘ਚ ਹੁੱਲ੍ਹੜਬਾਜ਼ੀ ਕਰਨ ਵਾਲਿਆਂ ‘ਤੇ ਪੁਲਸ ਦੀ ਸਖ਼ਤ ਕਾਰਵਾਈ

ਚੰਡੀਗੜ੍ਹ : ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਵਰਕਰਾਂ ਨੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 10 ਚਾਲਕਾਂ ਦੇ ਚਲਾਨ ਕੱਟੇ ਹਨ ਅਤੇ ਐੱਸ.ਐੱਸ.ਪੀ. ਨੂੰ ਸੂਚੀ ਭੇਜ ਦਿੱਤੀ ਹੈ। ਟ੍ਰੈਫਿਕ ਪੁਲਸ ਅਤੇ ਥਾਣਾ ਪੁਲਸ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕਾਂ ਦੇ ਨਾਲ-ਨਾਲ ਚੱਲ ਰਹੀ ਸੀ, ਪਰ ਭੀੜ ਨੂੰ ਦੇਖਦਿਆਂ ਚਲਾਨ ਨਹੀਂ ਕੀਤੇ।

ਉਲੰਘਣਾ ਕਰਨ ਵਾਲੇ ਵਰਕਰਾਂ ਦੀਆਂ ਫੋਟੋਆਂ ਨਾਲ ਐੱਨ.ਜੀ.ਓ. ‘ਅਰਾਈਵ ਸੇਫ਼’ ਦੇ ਸੰਸਥਾਪਕ ਹਰਮਨ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਐਕਸ. ’ਤੇ ਸ਼ਿਕਾਇਤ ਕੀਤੀ ਸੀ। ਹੁਣ ਚੰਡੀਗੜ੍ਹ ਟ੍ਰੈਫਿਕ ਪੁਲਸ ਹਰਕਤ ਵਿਚ ਆ ਗਈ ਹੈ। ਚੰਡੀਗੜ੍ਹ ਪੁਲਸ ਸੈਕਟਰ-34 ਤੋਂ ਸੈਕਟਰ-17 ਸਥਿਤ ਡੀ.ਸੀ. ਦਫ਼ਤਰ ਨੂੰ ਜਾਣ ਵਾਲੇ ਸਾਰੇ ਲਾਈਟ ਪੁਆਇੰਟਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਸ ਵਾਹਨਾਂ ਦੇ ਨੰਬਰ ਦੇਖ ਕੇ ਉਨ੍ਹਾਂ ਦੇ ਆਨਲਾਈਨ ਚਲਾਨ ਕਰੇਗੀ।

ਰੋਡ ਸ਼ੋਅ ਦੌਰਾਨ ਵਰਕਰ ਗੱਡੀਆਂ ਦੀਆਂ ਛੱਤਾਂ, ਬੋਨਟ ਅਤੇ ਖਿੜਕੀਆਂ ’ਤੇ ਲਟਕ ਰਹੇ ਸਨ। ਦੋਪਹੀਆ ਵਾਹਨ ਚਾਲਕ ਬਿਨਾਂ ਹੈਲਮੇਟ ਦੇ ਬਾਈਕ ’ਤੇ ਤਿੰਨ-ਤਿੰਨ ਬੈਠੇ ਸਨ। ਕਈ ਥਾਵਾਂ ’ਤੇ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੈਂਡੀ ਕੈਮਰਿਆਂ ਨਾਲ ਵੀਡੀਓ ਵੀ ਬਣਾ ਲਈ ਹੈ। ਹਰਮਨ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਸਵਾਲ ਉਠਾਉਂਦਿਆਂ ਲਿਖਿਆ ਹੈ ਕਿ ਸਮਾਰਟ ਸਿਟੀ ਤਹਿਤ ਲਗਾਏ ਗਏ ਕੈਮਰਿਆਂ ਦੀ ਵਰਤੋਂ ਕਰ ਕੇ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਪਣੀ ਸ਼ਿਕਾਇਤ ਵਿਚ ਰੋਡ ਸ਼ੋਅ ਦੀਆਂ ਕੁਝ ਫੋਟੋਆਂ ਵੀ ਸ਼ਾਮਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ ਹਨ।

ਰੋਡ ਸ਼ੋਅ ਦੌਰਾਨ ਟ੍ਰੈਫਿਕ ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਦੇਖਣ ਤੋਂ ਬਾਅਦ 10 ਵਾਹਨਾਂ ਦੇ ਚਲਾਨ ਕੀਤੇ ਗਏ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਸੂਚੀ ਐੱਸ.ਐੱਸ.ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ ਨੂੰ ਭੇਜ ਦਿੱਤੀ ਗਈ ਹੈ। ਇਸ ਮਾਮਲੇ ਵਿਚ ਐੱਸ.ਐੱਸ.ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫ਼ੋਨ ਅਤੇ ਮੈਸੇਜਾਂ ਦਾ ਕੋਈ ਜਵਾਬ ਨਹੀਂ ਦਿੱਤਾ।

Add a Comment

Your email address will not be published. Required fields are marked *