ਜਥੇਦਾਰ ਦੇ ਕੌਮ ਦੇ ਨਾਂ ਸੰਦੇਸ਼ ਤੋਂ ਬਾਅਦ ਅਕਾਲ ਤਖਤ ਦੀ ਫ਼ਸੀਲ ’ਤੇ ਪਹੁੰਚੇ ਨਿਹੰਗ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ’ਤੇ ਬੀਤੀ ਸ਼ਾਮ ਕੁੱਝ ਨਿਹੰਗ ਸਿੰਘ ਅਚਾਨਕ ਪਹੁੰਚ ਗਏ ਅਤੇ ਮਾਈਕ ’ਤੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੇ ਤਾਇਨਾਤ ਸੇਵਾਦਾਰਾਂ ਵਲੋਂ ਤੁਰੰਤ ਮਾਈਕ ਬੰਦ ਕਰ ਦਿੱਤਾ ਗਿਆ ਅਤੇ ਸਖ਼ਤ ਮਸ਼ੱਕਤ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਇਤਿਹਾਸਕ ਫਸੀਲ ਤੋਂ ਹੇਠਾਂ ਉਤਾਰਿਆ ਗਿਆ। ਇਹ ਉਹ ਫਸੀਲ ਹੈ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹਨ, ਇਸ ਫ਼ਸੀਲ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਹੋਰ ਕੋਈ ਵੀ ਸੰਦੇਸ਼ ਜਾਂ ਸੰਬੋਧਨ ਨਹੀਂ ਕਰ ਸਕਦਾ ਹੈ। 

ਬੰਦੀ ਛੋੜ ਦਿਵਸ ਮੌਕੇ ਵੀ ਸ਼ਾਮ ਨੂੰ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ, ਇਸ ਦੌਰਾਨ ਸੰਦੇਸ਼ ਦੇਣ ਤੋਂ ਬਾਅਦ ਜਦੋਂ ਉਹ ਉਥੋਂ ਚਲੇ ਗਏ ਤਾਂ ਥੋੜ੍ਹੀ ਦੇਰ ਬਾਅਦ ਕੁੱਝ ਨਿਹੰਗ ਸਿੰਘ ਅਚਾਨਕ ਫਸੀਲ ’ਤੇ ਆ ਗਏ। ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇਸ ਦੌਰਾਨ ਇਕ ਨਿਹੰਗ ਸਿੰਘ ਨੇ ਮਾਈਕ ਹੱਥ ’ਚ ਫੜਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ’ਤੇ ਤੁਰੰਤ ਮਾਈਕ ਬੰਦ ਕਰ ਦਿੱਤਾ ਗਿਆ ਅਤੇ ਨਿਹੰਗ ਸਿੰਘਾਂ ਨੂੰ ਫਸੀਲ ਤੋਂ ਹੇਠਾਂ ਉਤਾਰਿਆ ਗਿਆ।

ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਸ ਸਿੰਘ ਪੀਰ ਮੁਹੰਮਦ ਨੇ ਜਿੱਥੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਉਥੇ ਹੀ ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਾਸੋਂ ਇਸ ਮਾਮਲੇ ’ਚ ਜਾਂਚ ਕਰਵਾਉਣ ਦੇ ਨਾਲ ਨਾਲ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਉਹ ਫ਼ਸੀਲ ਹੈ ਜਿੱਥੋਂ ਜਥੇਦਾਰ ਵਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ ਹੈ। ਇਸ ਪਵਿੱਤਰ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਇਥੇ ਗੁਰੂ ਸਾਹਿਬ ਦੇ ਸ਼ਸਤਰ ਹਨ, ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਇਸ ਪਵਿੱਤਰ ਜਗ੍ਹਾ ’ਤੇ ਆ ਕੇ ਇਕ ਸਿੰਘ ਵਲੋਂ ਜੋ ਮੂੰਹ ’ਚ ਆਇਆ ਉਹ ਬੋਲਣਾ ਇਹ ਆਪਣੇ ਆਪ ਵਿਚ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। 

Add a Comment

Your email address will not be published. Required fields are marked *