ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਸ਼ੁਰੂ ਹੋਈ ਸੀ ਨਾਰਾਜ਼ਗੀ ਦਾ ਖ਼ੁਲਾਸਾ

ਲੁਧਿਆਣਾ – ਕਾਂਗਰਸ ਛੱਡ ਭਾਜਪਾ ’ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਆਲੋਚਨਾ ਦਾ ਸਾਹਮਣਾ ਕਰ ਰਹੇ ਲੁਧਿਆਣਾ ਦੇ ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਨੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਨਾ ਪਾਉਣ ’ਤੇ ਕੁਝ ਸਾਲ ਪਹਿਲਾਂ ਹੀ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਨਾਰਾਜ਼ਗੀ ਸ਼ੁਰੂ ਹੋ ਗਈ ਸੀ।

ਇਕ ਇੰਟਰਵਿਊ ਦੌਰਾਨ ਆਪਣੇ ਇਸ ਦਾਅਵੇ ਦੇ ਸਮਰਥਨ ’ਚ ਬਿੱਟੂ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੀ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਪਾਏ ਹੋਏ ਤਸਵੀਰ ਵੀ ਦਿਖਾਈ ਗਈ ਹੈ, ਜਿਸ ’ਤੇ ‘ਮਾਂ ਤੈਨੂੰ ਸਲਾਮ’ ਲਿਖਿਆ ਹੋਇਆ ਹੈ। ਬਿੱਟੂ ਮੁਤਾਬਕ ਉਨ੍ਹਾਂ ਨੂੰ ਵੀ ਇਹ ਟੀ-ਸ਼ਰਟ ਪਾਉਣ ਲਈ ਮਜਬੂਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਇੰਦਰਾ ਗਾਂਧੀ ਨੇ ਪੰਜਾਬ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ।

ਬਿੱਟੂ ਦੇ ਇਸ ਬਿਆਨ ਨੂੰ ਲੋਕ ਸਭਾ ਚੋਣਾਂ ਦੌਰਾਨ ਕੱਟੜਪੰਥੀਆਂ ’ਚ ਆਪਣੇ ਪ੍ਰਤੀ ਨਾਰਾਜ਼ਗੀ ਘੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ ਪਰ ਜੇਕਰ ਬਿੱਟੂ ਦੀ ਮੰਨੀਏ ਤਾਂ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਕਾਂਗਰਸ ਵਲੋਂ ਜਦੋਂ ਪੰਜਾਬ ਦੇ ਨੇਤਾਵਾਂ ਨੂੰ ਲੋਕਾਂ ਨੂੰ ਦਿੱਲੀ ਲੈ ਜਾ ਕੇ ਇੰਦਰਾ ਗਾਂਧੀ ਦਾ ਧੰਨਵਾਦ ਕਰਨ ਲਈ ਬੋਲਿਆ ਗਿਆ ਸੀ ਤਾਂ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ।

ਬਿੱਟੁੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਨੂੰ ਸਿਆਸੀ ਫ਼ਾਇਦਾ ਪਹੁੰਚਾਉਣ ਲਈ ਇਹ ਰਾਹੁਲ ਗਾਂਧੀ ਉਨ੍ਹਾਂ ’ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਮੁਆਫ਼ੀ ਦੇਣ ਦਾ ਦਬਾਅ ਵੀ ਬਣਾ ਰਹੇ ਸਨ ਪਰ ਉਨ੍ਹਾਂ ਵਲੋਂ ਸਹਿਮਤੀ ਨਾ ਦੇਣ ਦੀ ਵਜ੍ਹਾ ਨਾਲ ਰਾਹੁਲ ਗਾਂਧੀ ਉਨ੍ਹਾਂ ਤੋਂ ਨਾਖ਼ੁਸ਼ ਚੱਲ ਰਹੇ ਸਨ।

ਬਿੱਟੂ ਮੁਤਾਬਕ ਇਹੀ ਕਾਰਨ ਹੈ ਕਿ ‘ਭਾਰਤ ਜੋੜੋ ਯਾਤਰਾ’ ਤੋਂ ਕਾਫ਼ੀ ਦੇਰ ਪਹਿਲਾਂ ਤੇ ਬਾਅਦ ’ਚ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੀ ਨਹੀਂ ਹੋਈ, ਜਿਸ ਦੇ ਬਦਲੇ ਕੇਂਦਰ ਸਰਕਾਰ ਵਲੋਂ ਬੇਅੰਤ ਸਿੰਘ ਦੇ ਕਾਤਲਾਂ ਨੂੰ ਮੁਆਫ਼ੀ ਨਾ ਦੇਣ ਦਾ ਸਟੈਂਡ ਲਿਆ ਗਿਆ, ਜਿਸ ਨੂੰ ਉਹ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦੀ ਵੱਡੀ ਵਜ੍ਹਾ ਦੱਸ ਰਹੇ ਹਨ। ਇਸ ਮਾਮਲੇ ’ਚ ਬਿੱਟੂ ਨੇ ਸਾਫ਼ ਕੀਤਾ ਹੈ ਕਿ ਬੇਅੰਤ ਸਿੰਘ ਨੇ ਸਿਰਫ਼ ਕਾਂਗਰਸ ਲਈ ਨਹੀਂ, ਸਗੋਂ ਪੂਰੇ ਦੇਸ਼ ਦੇ ਲਈ ਸ਼ਹਾਦਤ ਦਿੱਤੀ ਸੀ, ਜਿਸ ਕਾਰਨ ਉਹ ਭਾਜਪਾ ਦੇ ਪੋਸਟਰਾਂ ’ਤੇ ਵੀ ਬੇਅੰਤ ਸਿੰਘ ਦੀ ਫੋਟੋ ਨਾਲ ਲਗਾ ਰਹੇ ਹਨ।

Add a Comment

Your email address will not be published. Required fields are marked *