IPL 2024 ‘ਚੋਂ ਬਾਹਰ ਹੋਇਆ ਇਸ ਟੀਮ ਦਾ ਸਭ ਤੋਂ ਖਤਰਨਾਕ ਗੇਂਦਬਾਜ਼

ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਆਈਪੀਐਲ 2024 ਦੇ ਲੀਗ ਮੈਚਾਂ ਤੋਂ ਬਾਹਰ ਹੋ ਗਏ ਹਨ। ਲਖਨਊ ਦੇ ਕੋਚ ਜਸਟਿਨ ਲੈਂਗਰ ਨੇ ਅੱਜ (5 ਮਈ) ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਮੁੰਬਈ ਇੰਡੀਅਨਜ਼ ਖਿਲਾਫ 3.1 ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਮਯੰਕ ਮੈਦਾਨ ਤੋਂ ਬਾਹਰ ਹੋ ਗਏ ਸਨ। ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪਲੇਆਫ ਤੋਂ ਪਹਿਲਾਂ ਉਨ੍ਹਾਂ ਲਈ ਫਿੱਟ ਹੋਣਾ ਮੁਸ਼ਕਲ ਹੋਵੇਗਾ। 

ਲੈਂਗਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਯੰਕ ਦਾ ਸਕੈਨ ਕੀਤਾ ਗਿਆ ਸੀ। ਉਸ ਨੂੰ ਉਸੇ ਥਾਂ ‘ਤੇ ਸੱਟ ਲੱਗੀ, ਜਿੱਥੇ ਉਹ ਪਿਛਲੀ ਵਾਰ ਲੱਗੀ ਸੀ। ਇਹ ਕਾਫੀ ਮੰਦਭਾਗਾ ਹੈ। ਇਸ ਤਰ੍ਹਾਂ ਲੀਗ ਮੈਚਾਂ ਤੋਂ ਬਾਹਰ ਹੋਣਾ ਉਸ ਲਈ ਅਤੇ ਟੀਮ ਲਈ ਵੀ ਬਹੁਤ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਤੇਜ਼ ਗੇਂਦਬਾਜ਼ ਦੇ ਸਫਰ ‘ਚ ਅਜਿਹਾ ਹੁੰਦਾ ਹੈ।

ਮਯੰਕ ਯਾਦਵ ਨੇ ਇਸ ਸੀਜ਼ਨ ‘ਚ ਆਪਣਾ ਪਹਿਲਾ ਮੈਚ 30 ਮਾਰਚ ਨੂੰ ਖੇਡਿਆ ਸੀ, ਜਿਸ ‘ਚ ਉਸ ਨੇ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਆਰਸੀਬੀ ਖ਼ਿਲਾਫ਼ ਅਗਲੇ ਮੈਚ ਵਿੱਚ ਮਯੰਕ ਨੇ ਹੋਰ ਵੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਦੀ ਰਫਤਾਰ ਅਤੇ ਕੰਟਰੋਲ ਦੀ ਹਰ ਪਾਸੇ ਚਰਚਾ ਹੋ ਰਹੀ ਸੀ ਪਰ ਪੇਟ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਉਹ ਕਈ ਮੈਚਾਂ ਤੋਂ ਬਾਹਰ ਰਿਹਾ। ਹੁਣ ਫਿਰ ਉਸੇ ਸੱਟ ਨੇ ਉਸ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। 

ਜਸਟਿਨ ਲੈਂਗਰ ਨੇ ਕਿਹਾ ਕਿ ਅਸੀਂ ਉਸ ਨੂੰ ਪਲੇਆਫ ‘ਚ ਖੇਡਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਦੇ ਖੇਡਣ ਦੀ ਸੰਭਾਵਨਾ ਬਹੁਤ ਮੁਸ਼ਕਿਲ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਯੰਕ ਲਗਭਗ ਪੂਰੇ ਸੀਜ਼ਨ ਤੋਂ ਬਾਹਰ ਹਨ। IPL 2024 ਦੇ ਲੀਗ ਪੜਾਅ ‘ਚ ਲਖਨਊ ਦੇ ਅਜੇ 4 ਮੈਚ ਬਾਕੀ ਹਨ। ਟੀਮ 10 ਮੈਚਾਂ ‘ਚ 6 ਜਿੱਤਾਂ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਉਨ੍ਹਾਂ ਨੂੰ ਪਲੇਆਫ ‘ਚ ਪਹੁੰਚਣ ਲਈ ਘੱਟੋ-ਘੱਟ 2 ਹੋਰ ਮੈਚ ਜਿੱਤਣੇ ਹੋਣਗੇ।

Add a Comment

Your email address will not be published. Required fields are marked *