ਆਸਟ੍ਰੇਲੀਆ : ਪੁਲਸ ਨੇ ਬੰਦੂਕਾਂ, ਨਸ਼ੀਲੇ ਪਦਾਰਥ ਕੀਤੇ ਜ਼ਬਤ

ਸਿਡਨੀ– ਆਸਟ੍ਰੇਲੀਆ ਵਿਖੇ ਦੱਖਣੀ ਨਿਊ ਸਾਊਥ ਵੇਲਜ਼ ਵਿੱਚ ਇੱਕ ਦਿਹਾਤੀ ਜਾਇਦਾਦ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਪੁਲਸ ਨੇ 25 ਸਾਲਾ ਵਿਅਕਤੀ ‘ਤੇ ਦਰਜਨਾਂ ਦੋਸ਼ ਲਗਾਏ ਹਨ। ਇਸ ਛਾਪੇਮਾਰੀ ਵਿਚ ਪੁਲਸ ਨੇ ਬੰਦੂਕਾਂ, ਪਾਵਰ ਟੂਲਸ ਅਤੇ ਕਿਰਲੀਆਂ ਸਮੇਤ ਕਥਿਤ ਤੌਰ ‘ਤੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ। ਪੁਲਸ ਨੇ ਕੈਨਬਰਾ ਤੋਂ ਲਗਭਗ 200 ਕਿਲੋਮੀਟਰ ਪੱਛਮ ਵਿੱਚ ਹੁਮੁਲਾ ਵਿੱਚ ਛਾਪੇਮਾਰੀ ਕੀਤੀ।

ਉਨ੍ਹਾਂ ਨੇ ਤਿੰਨ ਬੰਦੂਕਾਂ, ਗੋਲਾ ਬਾਰੂਦ, ਤਿੰਨ ਟ੍ਰੇਲ ਬਾਈਕ, ਇੱਕ ਲਗਜ਼ਰੀ ਘੜੀ, ਇੱਕ ਚੇਨਸਾ, ਹੇਜ ਕਟਰ, ਲਾਅਨ ਮੋਵਰ, ਆਰ.ਐਮ.ਐਸ ਰੋਡ ਸਾਈਨ, ਨੰਬਰ ਪਲੇਟ ਅਤੇ ਇੱਕ ਬੋਗੀ ਟ੍ਰੇਲਰ ਜ਼ਬਤ ਕੀਤਾ – ਇਹ ਸਭ ਕਥਿਤ ਤੌਰ ‘ਤੇ ਚੋਰੀ ਕੀਤੇ ਗਏ ਸਨ। ਉਨ੍ਹਾਂ ਨੂੰ ਚਾਰ ਸ਼ਿੰਗਲਬੈਕ ਬਲੂ ਟੰਗ ਮਤਲਬ ਨੀਲੀ ਜੀਭ ਦੀਆਂ ਕਿਰਲੀਆਂ ਵੀ ਮਿਲੀਆਂ। ਇਨ੍ਹਾਂ ਨੂੰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੇਵਾਵਾਂ ਦੁਆਰਾ ਜ਼ਬਤ ਕਰ ਲਿਆ ਗਿਆ, ਜਦੋਂ ਇਹ ਪਾਇਆ ਗਿਆ ਸੀ ਕਿ ਵਿਅਕਤੀ ਕੋਲ ਸੁਰੱਖਿਅਤ ਦੇਸੀ ਜਾਨਵਰਾਂ ਨੂੰ ਰੱਖਣ ਲਈ ਜ਼ਰੂਰੀ ਲਾਇਸੈਂਸ ਨਹੀਂ ਹੈ।

ਕੈਨਾਬਿਸ ਅਤੇ ਮੈਥਾਮਫੇਟਾਮਾਈਨ ਸਮੇਤ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ, ਨਾਲ ਹੀ ਸ਼ਿਕਾਰ ਕਰਨ ਵਾਲੇ ਸਾਜ਼ੋ-ਸਾਮਾਨ ਜਿਵੇਂ-ਟਰੈਕਿੰਗ ਕਾਲਰ, ਬ੍ਰੈਸਟ ਪਲੇਟ, ਸ਼ਿਕਾਰ ਕਰਨ ਵਾਲੇ ਚਾਕੂ ਅਤੇ ਇੱਕ GPS ਹੈਂਡਹੈਲਡ ਟਰੈਕਿੰਗ ਮੋਡੀਊਲ ਵੀ ਜ਼ਬਤ ਕੀਤੇ ਗਏ। ਵਿਅਕਤੀ ਨੂੰ ਹੋਲਬਰੂਕ ਪੁਲਸ ਸਟੇਸ਼ਨ ਲਿਜਾਇਆ ਗਿਆ ਅਤੇ ਉਸ ‘ਤੇ ਕਈ ਅਪਰਾਧਾਂ ਦਾ ਦੋਸ਼ ਲਗਾਇਆ ਗਿਆ, ਜਿਸ ਵਿਚ ਬਿਨਾਂ ਲਾਇਸੈਂਸ ਦੇ ਹਥਿਆਰ ਰੱਖਣਾ, ਚੋਰੀ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਤੇ ਸੁਰੱਖਿਅਤ ਜਾਨਵਰਾਂ ਦਾ ਸੌਦਾ ਕਰਨਾ ਸ਼ਾਮਲ ਹੈ। ਉਸ ‘ਤੇ ਗੈਰ ਕਾਨੂੰਨੀ ਸ਼ਿਕਾਰ ਨਾਲ ਸਬੰਧਤ ਅਪਰਾਧਾਂ ਦਾ ਵੀ ਦੋਸ਼ ਹੈ ਜਿਸ ਵਿਚ ਬਿਨਾਂ ਸਹਿਮਤੀ ਦੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਦਾਖਲ ਹੋਣਾ ਸ਼ਾਮਲ ਹੈ। 25 ਸਾਲਾ ਨੌਜਵਾਨ ਕੱਲ੍ਹ ਵਾਗਾ ਵਾਗਾ ਅਦਾਲਤ ਵਿੱਚ ਪੇਸ਼ ਹੋਇਆ, ਜਿੱਥੇ ਉਸ ਨੂੰ 14 ਮਈ ਨੂੰ ਅਗਲੀ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

Add a Comment

Your email address will not be published. Required fields are marked *