ਪਾਕਿਸਤਾਨ ’ਚ ਫਿਰੌਤੀ ਨਾ ਦੇਣ ’ਤੇ ਅਗਵਾਕਾਰਾਂ ਨੇ 13 ਸਾਲਾ ਮੁੰਡੇ ਦਾ ਕੀਤਾ ਕਤਲ

ਗੁਰਦਾਸਪੁਰ : ਅਗਵਾਕਾਰਾਂ ਦੇ ਗਿਰੋਹ ਨੇ 20 ਦਿਨ ਪਹਿਲਾਂ ਅਗਵਾ ਹੋਏ 13 ਸਾਲਾ ਮੁੰਡੇ ਦਾ ਕਤਲ ਕਰ ਦਿੱਤਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਲੁਟੇਰਾ ਗਿਰੋਹ ਨੇ ਮੁੰਡੇ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਕੱਚਾ ਇਲਾਕੇ ਵਿਚ ਸੁੱਟ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਲੋ ਤੇਗਾਨੀ ਦੇ ਗੈਂਗ ਨੇ ਮੁੰਡੇ ਰਾਸ਼ਿਦ ਦੀ ਰਿਹਾਈ ਲਈ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪਰਿਵਾਰ ਨੇ ਫਿਰੌਤੀ ਨਾ ਦੇਣ ’ਤੇ ਗੈਂਗ ਨੇ ਮੁੰਡੇ ਦਾ ਕਤਲ ਕਰ ਦਿੱਤਾ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਸ਼ਿਕਾਰਪੁਰ ਜ਼ਿਲ੍ਹੇ ਦੇ ਕੱਚਾ ਇਲਾਕੇ ਤੋਂ ਚਾਰ ਲੋਕਾਂ ਨੂੰ ਅਗਵਾ ਕੀਤਾ ਗਿਆ ਸੀ। ਜਦੋਂ ਲੋਕਾਂ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨਾਲ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਬੰਧਕਾਂ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਦੇ ਵੱਖ-ਵੱਖ ਗਰੋਹਾਂ ਵੱਲੋਂ ਲਗਾਤਾਰ ਹੋ ਰਹੇ ਅਗਵਾ ਅਤੇ ਹੋਰ ਅਪਰਾਧਾਂ ਨੇ ਇਲਾਕੇ ਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਅਧਿਕਾਰੀਆਂ ਅਤੇ ਪੁਲਸ ਵਿਭਾਗ ਨੇ ਇਲਾਕੇ ਵਿੱਚ ਫਸੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ ਪਰ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ।

ਸਥਾਨਕ ਲੋਕਾਂ ਨੇ ਹਾਲ ਹੀ ਵਿੱਚ ਇੰਡਸ ਹਾਈਵੇਅ ’ਤੇ ਪ੍ਰਦਰਸ਼ਨ ਕੀਤਾ ਅਤੇ ਇੱਕ ਡਾਕੂ ਗਿਰੋਹ ਦੁਆਰਾ ਅਗਵਾ ਕੀਤੇ ਗਏ 11 ਬੰਧਕਾਂ ਦੀ ਬਰਾਮਦਗੀ ਲਈ ਦਬਾਅ ਪਾਉਣ ਲਈ ਸੁੱਕਰ-ਸ਼ਿਕਾਰਪੁਰ ਹਾਈਵੇਅ ਨੂੰ ਆਵਾਜਾਈ ਲਈ ਜਾਮ ਕਰ ਦਿੱਤਾ। ਸਿੰਧ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਖਾਸ ਕਰਕੇ ਸਿੰਧ ਨਦੀ ਦੇ ਨਾਲ-ਨਾਲ ਕੱਚਾ ਖੇਤਰ ਵਿੱਚ, ਹਰ ਗੁਜ਼ਰਦੇ ਦਿਨ ਨਾਲ ਵਿਗੜਦੀ ਜਾ ਰਹੀ ਹੈ ਕਿਉਂਕਿ ਡਾਕੂ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦੇ ਰਹਿੰਦੇ ਹਨ, ਜਦੋਂ ਕਿ ਪੁਲਸ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫ਼ਲ ਰਹਿੰਦੀ ਹੈ।

Add a Comment

Your email address will not be published. Required fields are marked *