ਸਿਆਸੀ ਸੰਕਟ ਦਰਮਿਆਨ ਇਰਾਕ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ

ਬਗਦਾਦ-ਇਰਾਕ ‘ਚ ਪ੍ਰਭਾਵਸ਼ਾਲੀ ਸ਼ੀਆ ਮੌਲਵੀ ਅਤੇ ਉਨ੍ਹਾਂ ਦੇ ਈਰਾਨ ਸਮਰਥਕ ਗਠਜੋੜ ਵਿਰੋਧੀਆਂ ਵਿਚਾਲੇ ਟਕਰਾਅ ਨਾਲ ਦੇਸ਼ ‘ਚ ਜਾਰੀ ਸਭ ਤੋਂ ਖਰਾਬ ਸਿਆਸੀ ਸੰਕਟ ਦਰਮਿਆਨ ਇਰਾਕ ਦੇ ਵਿੱਤ ਮੰਤਰੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੋ ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਂ ਨਾ ਦੱਸਣ ਦੀ ਸ਼ਰਤ ‘ਤੇ ਅਧਿਕਾਰੀਆਂ ਨੇ ਦੱਸਿਆ ਕਿ ਵਿੱਤ ਮੰਤਰੀ ਅਲੀ ਅੱਲਾਵੀ ਨੇ ਸਿਆਸੀ ਹਾਲਾਤ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਮੰਗਲਵਾਰ ਨੂੰ ਇਕ ਕੈਬਨਿਟ ਬੈਠਕ ਦੌਰਾਨ ਅਸਤੀਫਾ ਦੇ ਦਿੱਤਾ।

ਉਨ੍ਹਾਂ ਕਿਹਾ ਕਿ ਤੇਲ ਮੰਤਰੀ ਅਹਿਸਾਨ ਅਬਦੁਲ-ਜੱਬਾਰ ਫਿਲਹਾਲ ਕਾਰਜਕਾਰੀ ਵਿੱਤ ਮੰਤਰੀ ਹੋਣਗੇ। ਅੱਵਾਲੀ ਦਾ ਇਹ ਫੈਸਲਾ ਪ੍ਰਭਾਵਸ਼ਾਲੀ ਸ਼ੀਆ ਮੌਲਵੀ ਮੁਕਤਦਾ ਅਲ-ਸਦਰ ਦੇ ਧੜੇ ਦੇ ਸੰਸਦੀ ਮੈਂਬਰਾਂ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਬਗਦਾਦ ‘ਚ ਸੰਸਦ ਭਵਨ ‘ਤੇ ਧਾਵਾ ਬੋਲਣ ਦੇ ਕੁਝ ਹਫਤੇ ਬਾਅਦ ਆਇਆ ਹੈ। ਅਲ-ਸਦਰ ਨੇ ਬਾਅਦ ‘ਚ ਸੰਸਦ ਨੂੰ ਭੰਗ ਕਰਨ ਅਤੇ ਜਲਦ ਚੋਣਾਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਪਿਛਲੇ ਅਕਤੂਬਰ ‘ਚ ਹੋਈਆਂ ਚੋਣਾਂ ‘ਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ ਪਰ ਸਰਕਾਰ ਗਠਨ ‘ਚ ਅਸਫਲ ਰਹੇ।

Add a Comment

Your email address will not be published. Required fields are marked *