ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਬਰਾਬਰ

ਭਾਰਤ ਨੇ ਰੋਹਿਤ ਸ਼ਰਮਾ (ਅਜੇਤੂ 46) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੂੰ ਮੀਂਹ ਪ੍ਰਭਾਵਿਤ ਦੂਜੇ ਟੀ-20 ਮੈਚ ਵਿਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਭਾਰਤ ਦੇ ਸਾਹਮਣੇ 8 ਓਵਰਾਂ ਵਿਚ 91 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਰੋਹਿਤ ਦੀ ਟੀਮ ਨੇ 7.2 ਓਵਰਾਂ ਵਿਚ ਹਾਸਲ ਕਰ ਲਿਆ। ਜਦੋਂ ਲੋਕੇਸ਼ ਰਾਹੁਲ (10), ਵਿਰਾਟ ਕੋਹਲੀ (10), ਸੂਰਯਕੁਮਾਰ ਯਾਦਵ(0) ਤੇ ਹਾਰਦਿਕ ਪੰਡਯਾ (9) ਵੱਡਾ ਯੋਗਦਾਨ ਦੇਣ ਵਿਚ ਅਸਫਲ ਰਹੇ, ਤਦ ਰੋਹਿਤ ਨੇ ਕਦਮ ਅੱਗੇ ਵਧਾਏ ਤੇ 20 ਗੇਂਦਾਂ ਵਿਚ 4 ਚੌਕਿਆਂ ਤੇ 4 ਛੱਕਿਆਂ ਦੇ ਨਾਲ 46 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਭਾਰਤ ਨੂੰ ਆਖਰੀ ਓਵਰ ਵਿਚ 9 ਦੌੜਾਂ ਦੀ ਲੋੜ ਸੀ ਤੇ ਕ੍ਰੀਜ਼ ’ਤੇ ਨਵੇਂ-ਨਵੇਂ ਆਏ ਦਿਨੇਸ਼ ਕਾਰਤਿਕ ਨੇ ਇਕ ਛੱਕੇ ਤੋਂ ਬਾਅਦ ਇਕ ਚੌਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਜਿੱਤ ਦੇ ਨਾਲ ਭਾਰਤ ਨੇ 3 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਹਾਸਲ ਕਰ ਲਈ। 

ਇਸ ਤੋਂ ਪਹਿਲਾਂ ਆਸਟਰੇਲੀਆ ਨੇ ਮੈਥਿਊ ਵੇਡ (ਅਜੇਤੂ 43) ਤੇ ਐਰੋਨ ਫਿੰਚ (31) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ 5 ਵਿਕਟਾਂ ’ਤੇ 90 ਦੌੜਾਂ ਬਣਾਈਆਂ ਸਨ। ਭਾਰਤ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਐਰੋਨ ਫਿੰਚ ਨੇ ਪਾਰੀ ਦੀ ਦੂਜੀ ਹੀ ਗੇਂਦ ’ਤੇ ਵਿਕਟਕੀਪਰ ਦੇ ਸਿਰ ਦੇ ਉੱਪਰ ਤੋਂ ਚੌਕਾ ਲਾ ਕੇ ਆਪਣੇ ਮਨਸੂਬੇ ਸਾਫ ਕਰ ਦਿੱਤੇ। ਦੂਜੇ ਓਵਰ ਵਿਚ ਕੈਮਰਨ ਗ੍ਰੀਨ (5) ਤੇ ਗਲੇਨ ਮੈਕਸਵੈੱਲ (0) ਦੇ ਆਊਟ ਹੋਣ ਤੋਂ ਬਾਵਜੂਦ ਫਿੰਚ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਅਕਸ਼ਰ ਪਟੇਲ ਨੇ ਆਪਣੇ ਆਖਰੀ ਓਵਰ ਵਿਚ ਟਿਮ ਡੇਵਿਡ ਨੂੰ ਵੀ ਘੱਟ ਸਕੋਰ ’ਤੇ ਆਊਟ ਕੀਤਾ ਤੇ 13 ਦੌੜਾਂ ’ਤੇ 2 ਵਿਕਟਾਂ ਲੈ ਕੇ ਆਪਣੇ 2 ਓਵਰਾਂ ਦਾ ਸਪੈੱਲ ਖਤਮ ਕੀਤਾ। ਫਿੰਚ ਇਕ ਪਾਸੇ ਆਸਟਰੇਲੀਆ ਦੀ ਪਾਰੀ ਨੂੰ ਅੱਗੇ ਵਧਾ ਰਿਹਾ ਸੀ ਪਰ ਸੱਟ ਤੋਂ ਉੱਭਰ ਕੇ ਟੀਮ ਵਿਚ ਵਾਪਸ ਆਏ ਜਸਪ੍ਰੀਤ ਬੁਮਰਾਹ ਨੇ ਉਸ ਨੂੰ ਬੋਲਡ ਕਰ ਕੇ ਪੈਵੇਲੀਅਨ ਭੇਜਿਆ। ਫਿੰਚ ਨੇ ਆਊਟ ਹੋਣ ਤੋਂ ਪਹਿਲਾਂ 15 ਗੇਂਦਾਂ ਵਿਚ 4 ਚੌਕੇ ਤੇ 1 ਛੱਕਾ ਲਾ ਕੇ 31 ਦੌੜਾਂ ਬਣਾਈਆਂ।

ਸੰਭਾਵਿਤ ਪਲੇਇੰਗ ਇਲੈਵਨ 

ਭਾਰਤ : ਕੇ.ਐੱਲ. ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਰਿਸ਼ਭ ਪੰਤ, ਹਰਸ਼ਲ ਪਟੇਲ , ਯੁਜ਼ਵੇਂਦਰ ਚਾਹਲ, ਜਸਪ੍ਰੀਤ ਬੁਮਰਾਹ

ਆਸਟਰੇਲੀਆ : ਆਰੋਨ ਫਿੰਚ, ਕੈਮਰਨ ਗ੍ਰੀਨ, ਸਟੀਵ ਸਮਿਥ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ, ਟਿਮ ਡੇਵਿਡ, ਮੈਥਿਊ ਵੇਡ, ਪੈਟ ਕਮਿੰਸ, ਨਾਥਨ ਐਲਿਸ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।

Add a Comment

Your email address will not be published. Required fields are marked *