ਪੰਜਾਬ ‘ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ
ਫਿਰੋਜ਼ਪੁਰ : ਗੁਰੂਹਰਸਹਾਏ ਦੇ ਥਾਣਾ ਮੁਖੀ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ‘ਤੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਮੁਕਤਸਰ ਰੋਡ ‘ਤੇ ਸਥਿਤ ਗੁਰਦੁਆਰਾ ਬੇਰ ਸਾਹਿਬ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਨੌਜਵਾਨਾਂ ਦੇ ਕੋਲ ਨਾਜਾਇਜ਼ ਅਸਲਾ ਹੈ, ਜੋ ਗੁਰੂਹਰਸਹਾਏ ਸ਼ਰੀਹ ਵਾਲਾ ਰੋਡ ‘ਤੇ ਮੋਟਰਸਾਈਕਲ ਲੈ ਕੇ ਖੜ੍ਹੇ ਹੋਏ ਹਨ ਅਤੇ ਕਿਸੇ ਲੁੱਟ-ਖੋਹ ਦੀ ਵਾਰਦਾਤ ਕਰਨ ਦੀ ਤਾਕ ‘ਚ ਹਨ।
ਇਸ ‘ਤੇ ਥਾਣਾ ਮੁਖੀ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਸ਼ਰੀਹ ਵਾਲਾ ਰੋਡ ‘ਤੇ ਪੈਂਦੇ ਮੋੜ ਪਿੰਡ ਲਖਮੀਰਪੁਰਾ ਪਹੁੰਚੇ ਤਾਂ ਇੱਕ ਮੋਟਰਸਾਈਕਲ ‘ਤੇ 3 ਨੌਜਵਾਨ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤਾਨ ਦੋਸ਼ੀਆਨ ਨੇ ਪੁਲਸ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ‘ਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ ਵੀ ਹਵਾਈ ਫਾਇਰ ਕੀਤੇ ਅਤੇ ਸਿਪਾਹੀ ਦੇਵਪ੍ਰੀਤ ਸਿੰਘ ਨੇ ਸਰਕਾਰੀ ਅਸਾਲਟ ਨਾਲ ਇੱਕ ਫਾਇਰ ਕੀਤਾ ਤਾਂ 2 ਨੌਜਵਾਨ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਭੱਜ ਗਏ, ਜਦੋਂ ਕਿ ਇੱਕ ਨੌਜਵਾਨ ਰਾਹੁਲ ਨੂੰ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ 1 ਮੋਟਰਸਾਈਕਲ ਬਰਾਮਦ ਕੀਤਾ ਗਿਆ। ਫਿਲਹਾਲ ਫੜ੍ਹੇ ਗਏ ਲੁਟੇਰੇ ਕੋਲੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਦਿਖਾਈ ਦੇ ਰਿਹਾ ਹੈ।