ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਮੋਦੀ ਨੂੰ ਜੀ-7 ਸ਼ਿਖਰ ਸੰਮੇਲਨ ਲਈ ਭੇਜਿਆ ਸੱਦਾ
April 26, 2024
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਤੋਂ ਜੂਨ ’ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਦਾ ਸੱਦਾ ਮਿਲਿਆ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮੋਦੀ ਨੇ ਵੀਰਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗੱਲਬਾਤ ਕੀਤੀ ਤੇ ਜੂਨ ’ਚ ਪੁਗਲੀਆ ’ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ਲਈ ਸੱਦਾ ਦੇਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਮੇਲੋਨੀ ਤੇ ਇਟਲੀ ਦੇ ਲੋਕਾਂ ਨੂੰ ਇਟਲੀ ਦੇ ਮੁਕਤੀ ਦਿਵਸ ਦੀ 79ਵੀਂ ਵਰ੍ਹੇਗੰਢ ’ਤੇ ਵਧਾਈ ਦਿੱਤੀ।
ਮੋਦੀ ਨੇ ਕਿਹਾ, ‘‘ਜੂਨ ’ਚ ਜੀ-7 ਸ਼ਿਖਰ ਸੰਮੇਲਨ ’ਚ ਮੈਨੂੰ ਸੱਦਾ ਦੇਣ ਲਈ ਉਨ੍ਹਾਂ ਦਾ ਧੰਨਵਾਦ। ਭਾਰਤ ’ਚ ਆਯੋਜਿਤ ਜੀ-20 ਦੇ ਨਤੀਜਿਆਂ ਨੂੰ ਜੀ-7 ਤੱਕ ਅੱਗੇ ਲਿਜਾਣ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।