ਕੈਨੇਡਾ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ

ਗੁਰਦਾਸਪੁਰ – ਕੈਨੇਡਾ ਤੋਂ ਆਏ ਨੌਜਵਾਨ ਦੀ ਲਾਸ਼ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਹੇਠੋਂ ਝਾੜੀਆਂ ’ਚੋਂ ਮਿਲੀ, ਜਿਸ ਤੋਂ ਬਾਅਦ ਜਦੋਂ ਪੁਲਸ ਨੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ 2 ਵਿਅਕਤੀਆਂ ਵਲੋਂ ਇਕ ਲਾਸ਼ ਕਾਰ ’ਚ ਲਿਆ ਕੇ ਇਥੇ ਸੁੱਟੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕਰਦਿਆਂ 2 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (27) ਪੁੱਤਰ ਪਿਤਾ ਨਗਵੰਤ ਸਿੰਘ ਵਾਸੀ ਕੋਟ ਕੇਸਰਾ ਸਿੰਘ ਥਾਣਾ ਝੰਡੇਰ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ।

ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਨਗਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਸ ’ਚ ਤਾਇਨਾਤ ਸੀ। ਉਸ ਦਾ ਲੜਕਾ ਜਸ਼ਨਪ੍ਰੀਤ ਕੈਨੇਡਾ ਰਹਿੰਦਾ ਹੈ ਤੇ ਕਰੀਬ 5 ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ ਲਈ ਪਿੰਡ ਪਰਤਿਆ ਸੀ। 22 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਜਸ਼ਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਗੁਰਦਾਸਪੁਰ ’ਚ ਰਹਿੰਦੇ ਇਕ ਦੋਸਤ ਦੇ ਜਨਮਦਿਨ ’ਤੇ ਜਾ ਰਿਹਾ ਹੈ।

ਸ਼ਾਮ ਕਰੀਬ 5 ਵਜੇ ਉਸ ਨੂੰ ਫੋਨ ਆਇਆ ਕਿ ਉਹ ਦੋਸਤ ਦੀ ਪਾਰਟੀ ’ਚ ਗੁਰਦਾਸਪੁਰ ਪਹੁੰਚ ਗਿਆ ਹੈ। ਜਦੋਂ ਅਸੀਂ ਸਾਢੇ 6 ਵਜੇ ਜਸ਼ਨਪ੍ਰੀਤ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। 23 ਅਪ੍ਰੈਲ ਦੀ ਸਵੇਰ ਸਾਨੂੰ ਪਤਾ ਲੱਗਾ ਕਿ ਥਾਣਾ ਤਿੱਬੜ ਦੀ ਪੁਲਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਨੂੰ ਦੇਖ ਕੇ ਪਤਾ ਲੱਗਾ ਕਿ ਇਹ ਜਸ਼ਨਪ੍ਰੀਤ ਦੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਤੇ ਉਸ ਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੀਤਾ ਹੈ।

ਥਾਣਾ ਤਿੱਬੜ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਪਿੰਡ ਸਰਾਏ ਥਾਣਾ ਸਦਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਅਣਪਛਾਤੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *