ਅਮਰੀਕਾ ‘ਚ 10 ਸਾਲਾ ਬੱਚੇ ਨੂੰ ਸੁਣਾਈ ਗਈ ਸਜ਼ਾ

ਜੈਕਸਨ – ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਉਠਾਉਣ ਵਾਲੇ ਅਮਰੀਕਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ 10 ਸਾਲ ਦੇ ਗੈਰ ਗੋਰੇ ਬੱਚੇ ਨੂੰ ਸਿਰਫ਼ ਇਸ ਲਈ ਸਜ਼ਾ ਸੁਣਾਈ ਗਈ ਕਿਉਂਕਿ ਉਸ ਨੇ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕੀਤਾ ਸੀ। ਮਿਸੀਸਿਪੀ ਵਿੱਚ ਟੇਟ ਕਾਉਂਟੀ ਯੁਵਾ ਅਦਾਲਤ ਦੇ ਜੱਜ ਰਸਟੀ ਹਾਰਲਾ ਨੇ ਮੁੰਡੇ ਨੂੰ ਤਿੰਨ ਮਹੀਨਿਆਂ ਤੱਕ ਹਰ ਮਹੀਨੇ ਇੱਕ ਵਾਰ ਪ੍ਰੋਬੇਸ਼ਨ ਅਫਸਰ ਦੇ ਸਾਹਮਣੇ ਪੇਸ਼ ਹੋਣ ਅਤੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇਨਟ ਬਾਰੇ ਦੋ ਪੰਨਿਆਂ ਦੀ ਰਿਪੋਰਟ ਲਿਖਣ ਦੀ ਸਜ਼ਾ ਸੁਣਾਈ। 

ਬੱਚੇ ਦੇ ਵਕੀਲ ਕਾਰਲੋਸ ਮੂਰ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਨਹੀਂ ਸੀ ਕਿ ਕਿਸੇ ਗੈਰ ਗੋਰੇ ਬੱਚੇ ਨੂੰ ਅਜਿਹੇ ਹਾਲਾਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੋਵੇਗਾ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਉਸ ਸਮੇਂ ਕਾਰ ਦੇ ਪਿਛਲੇ ਹਿੱਸੇ ਵਿਚ ਪਿਸ਼ਾਬ ਕੀਤਾ ਜਦੋਂ ਉਹ 10 ਅਗਸਤ ਨੂੰ ਮਿਸੀਸਿਪੀ ਦੇ ਸੈਨਟੋਬੀਆ ਵਿੱਚ ਇੱਕ ਵਕੀਲ ਦੇ ਦਫ਼ਤਰ ਜਾ ਰਹੀ ਸੀ। ਸ਼ਹਿਰ ਦੇ ਪੁਲਸ ਅਧਿਕਾਰੀ ਨੇ ਬੱਚੇ ਨੂੰ ਪਿਸ਼ਾਬ ਕਰਦੇ ਦੇਖਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਉਸ ਨੂੰ ਕਾਰ ਵਿਚ ਬਿਠਾ ਕੇ ਥਾਣੇ ਲੈ ਗਏ। 

nbcnews.com ਦੀ ਰਿਪੋਰਟ ਮੁਤਾਬਕ ਸੇਨਾਟੋਬੀਆ ਦੇ ਪੁਲਸ ਮੁਖੀ ਰਿਚਰਡ ਚੈਂਡਲਰ ਨੇ ਕਿਹਾ ਕਿ ਮੁੰਡੇ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ ਪਰ ਉਸਦੀ ਮਾਂ ਨੇ ਕਿਹਾ ਕਿ ਉਸਨੂੰ ਜੇਲ੍ਹ ਦੀ ਕੋਠੜੀ ਵਿੱਚ ਰੱਖਿਆ ਗਿਆ ਸੀ। ਮੁੰਡੇ ਦੇ ਅਟਾਰਨੀ ਕਾਰਲੋਸ ਮੂਰ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਸੀ ਕਿ ਅਮਰੀਕਾ ਵਿੱਚ ਇੱਕ ਵੀ ਅਜਿਹਾ ਆਦਮੀ ਹੈ, ਜਿਸ ਨੇ ਜਨਤਕ ਥਾਂ ‘ਤੇ ਲੁਕ ਕੇ ਪਿਸ਼ਾਬ ਨਾ ਕੀਤਾ ਹੋਵੇ।” ਉਨ੍ਹਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਕੋਈ ਵੀ ਸਮਝਦਾਰ ਜੱਜ ਪੂਰੀ ਤਰ੍ਹਾਂ ਇਸ ਦੋਸ਼ ਨੂੰ ਖਾਰਿਜ ਕਰ ਦੇਵੇਗਾ। ਇਹ ਸਿਰਫ਼ ਮੂਰਖਤਾ ਹੈ। ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਡੂੰਘੀਆਂ ਕਮੀਆਂ ਹਨ। ਮੂਰੇ ਨੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਮੁੰਡੇ ਦਾ ਪਰਿਵਾਰ ਮੁਕੱਦਮਾ ਚਲਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਹੋਰ ਗੰਭੀਰ ਦੋਸ਼ ਲਗਾਏ ਜਾਣਗੇ, ਜਿਸ ਮਗਰੋਂ  ਦੋਵੇਂ ਧਿਰਾਂ ਇੱਕ ਸੌਦੇ ‘ਤੇ ਪਹੁੰਚ ਗਈਆਂ।

Add a Comment

Your email address will not be published. Required fields are marked *